ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ 'ਚ ਭੇਦਭਰੀ ਹਾਲਤ 'ਚ ਦਮ ਤੋੜਨ ਵਾਲੇ ਪਿੰਡ ਜੇਠੂਕੇ ਦੇ ਮਜ਼ਦੂਰ ਹਰਬੰਸ ਸਿੰਘ ਕਾਲਾ ਦੀ ਲਾਸ਼ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੁਲ ਰਹੀ ਹੈ, ਪਰ ਮਾਮਲੇ ਦੇ ਹੱਲ ਲਈ ਪੰਜਾਬ ਸਰਕਾਰ, ਜੇਲ੍ਹ ਜਾਂ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਦਿਖਾਈ ਨਹੀਂ ਦੇ ਰਹੇ ਹਨ, ਜਿਸ ਦੇ ਚੱਲਦਿਆਂ ਸੰਯੁਕਤ ਦਲਿਤ ਮੋਰਚਾ ਨੇ ਪੀੜਤ ਪਰਿਵਾਰ ਦੇ ਹੱਕ 'ਚ ਖੜਦੇ ਹੋਏ ਇਨਸਾਫ਼ ਲਈ ਡਿਪਟੀ ਕਮਿਸ਼ਨਰ ਤੇ ਡੀ.ਆਈ.ਜੀ. ਤੱਕ ਪਹੁੰਚ ਕੀਤੀ ਹੈ | ਸੰਯੁਕਤ ਦਲਿਤ ਮੋਰਚਾ ਦੇ ਆਗੂ ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਬਠਿੰਡਾ ਜੇਲ੍ਹ 'ਚ ਬੰਦ ਪਿੰਡ ਜੇਠੂਕੇ ਦੇ ਗਰੀਬ ਮਜ਼ਦੂਰ ਹਰਬੰਸ ਸਿੰਘ ਕਾਲਾ ਦੀ ਬੀਤੀ 20 ਮਈ ਨੂੰ ਭੇਦਭਰੀ ਹਾਲਤ 'ਚ ਮੌਤ ਹੋ ਗਈ ਸੀ ਤੇ ਪਰਿਵਾਰ ਨੇ ਕਤਲ ਦੀ ਸ਼ੰਕਾ ਪ੍ਰਗਟ ਕਰਦੇ ਹੋਏ ਉੱਚ-ਪੱਧਰੀ ਜਾਂਚ ਤੇ ਸਬੰਧਿਤ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਦਾ ਪੋਸਟਮਾਰਟਮ ਤੇ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਪਰ ਪਰਿਵਾਰ ਦੀ ਸਹਿਮਤੀ ਦੇ ਵਗੈਰ ਉਸ ਦਾ ਜਬਰੀ ਪੋਸਟਮਾਰਟਮ ਕਰਵਾ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਪਰਿਵਾਰ ਨੇ ਉਸ ਦੀ ਲਾਸ਼ ਪ੍ਰਾਪਤ ਨਹੀਂ ਕੀਤੀ ਜੋ 14 ਦਿਨਾਂ ਤੋਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੁਲ ਰਹੀ ਹੈ | ਉਨ੍ਹਾਂ ਅੱਜ ਡਿਪਟੀ ਕਮਿਸ਼ਨਰ ਅਤੇ ਡੀ.ਆਈ. ਜੀ. ਨੂੰ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਪਰਿਵਾਰ ਨੂੰ ਇਨਸਾਫ਼ ਅਤੇ 25 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ, ਨਹੀਂ ਤਾਂ ਸੰਯੁਕਤ ਦਲਿਤ ਮੋਰਚਾ ਦਲਿਤ ਤੇ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢੇਗਾ | ਇਸ ਮੌਕੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਜਸਵੀਰ ਸਿੰਘ, ਜਸਪ੍ਰੀਤ ਸਿੰਘ ਪਾਸਟਰ, ਨੈਬ ਸਿੰਘ, ਜਸਵੀਰ ਸਿੰਘ, ਕਾਲ਼ਾ ਸਿੰਘ, ਹੈਪੀ ਸਿੰਘ ਆਦਿ ਮੌਜੂਦ ਸਨ |