ਕਰਨਾਲ, 2 ਸਤੰਬਰ (ਗੁਰਮੀਤ ਸਿੰਘ ਸੱਗੂ)-ਸਥਾਨਕ ਕਮੇਟੀ ਚੌਕ 'ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ 'ਮਾਂ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ' ਦੇ ਨਾਅਰੇ ਲਗਾਉਂਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਗਿਆ | ਬਰਸਾਤ ਦੇ ਬਾਵਜੂਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਦਰਭੰਗਾ ਵਿਚ ਕਾਂਗਰਸ ਦੀ 'ਵੋਟਰ ਅਧਿਕਾਰ ਯਾਤਰਾ' ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਬਾਰੇ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਨੂੰ ਇਸ ਕਰਤੂਤ ਲਈ ਸਾਰੇ ਦੇਸ਼ ਅੱਗੇ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਇਸ ਮਾਮਲੇ 'ਤੇ ਚੁੱਪੀ ਉਸ ਦੀ ਸਹਿਮਤੀ ਵਜੋਂ ਮੰਨੀ ਜਾ ਰਹੀ ਹੈ ਅਤੇ ਜਦੋਂ ਤੱਕ ਦੋਵੇਂ ਆਗੂ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਭਾਜਪਾ ਵਲੋਂ ਰਾਸ਼ਟਰ ਪੱਧਰੀ ਵਿਰੋਧ ਜਾਰੀ ਰਹੇਗਾ | ਵਿਰੋਧ ਪ੍ਰਦਰਸ਼ਨ ਵਿਚ ਭਾਜਪਾ ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਦੇ ਮੈਂਬਰਾਂ ਨੇ ਵੀ ਸੀਨੀਅਰ ਵਰਕਰਾਂ ਨਾਲ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਿਹਾ ਕਿ ਇਹ ਟਿੱਪਣੀ ਸਾਰੇ ਦੇਸ਼ ਦੀਆਂ ਮਹਿਲਾਵਾਂ ਦਾ ਅਪਮਾਨ ਹੈ, ਜਿਸ ਲਈ ਇਨ੍ਹਾਂ ਆਗੂਆਂ ਨੂੰ ਪੂਰੇ ਨਾਰੀ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ | ਇਸ ਮੌਕੇ ਵਿਧਾਇਕ ਜਗਮੋਹਨ ਆਨੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਖਿਲਾਫ ਕੀਤੀ ਗਈ ਗਲਤ ਟਿੱਪਣੀ ਨੂੰ ਸਿਰਫ ਉਨ੍ਹਾਂ ਦੀ ਮਾਂ ਦਾ ਨਹੀਂ, ਸਗੋਂ ਸਾਰੇ ਦੇਸ਼ ਦੀਆਂ ਮਾਤਾਵਾਂ ਦਾ ਅਪਮਾਨ ਮੰਨਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਬਿਆਨ ਕਾਂਗਰਸ ਦੀ ਗੰਦੀ ਸੋਚ ਨੂੰ ਬੇਨਕਾਬ ਕਰਦਾ ਹੈ | ਇਸ ਮੌਕੇ ਕੇਸ਼ ਕਲਾ ਬੋਰਡ ਦੇ ਚੇਅਰਮੈਨ ਯਸ਼ਪਾਲ ਠਾਕੁਰ, ਪ੍ਰਦੇਸ਼ ਕਾਰਜਕਾਰੀ ਮੈਂਬਰ ਅਸ਼ੋਕ ਭੰਡਾਰੀ, ਜ਼ਿਲ੍ਹਾ ਮਹਾਂਮੰਤਰੀ ਮਾਨਵ ਪੂਰੀ, ਸੁਭਾਸ਼ ਕਸ਼ੱਯਪ, ਮਦਨ ਗੁਰਜਰ, ਮੰਡਲ ਪ੍ਰਧਾਨ ਨਵੀਨ ਬਤਰਾ, ਮੋਹਨ ਲੋਧੀ, ਰਾਜੇਸ਼ ਅੱਘੀ, ਸੀਨੀਅਰ ਆਗੂ ਤਰਲੋਚਨ ਸਿੰਘ, ਅਸ਼ੋਕ ਖੁਰਾਣਾ, ਮਨਮੀਤ ਬਾਵਾ, ਮੀਨਾਕਸ਼ੀ ਭਿੰਡਰ, ਰਜਨੀ ਪਰੋਚਾ, ਸ਼ੁਭਮ ਗੁਪਤਾ, ਆਕਾਸ਼ ਅਰੋੜਾ, ਡਾ. ਅਮਿਤ ਕੁਮਾਰ, ਵਿਜੇ ਵੇਦਪਾਲ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਡਾ. ਅਸ਼ੋਕ ਕੁਮਾਰ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ |
ਭਾਜਪਾ ਆਗੂਆਂ ਤੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ <br/>
ਅਜੀਤ ਡੈਸਕ
03-09-2025