ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-ਵੀਰਵਾਰ ਨੂੰ ਦਿੱਲੀ ਕੈਂਟ ਇਲਾਕੇ ਵਿਚ ਇਕ ਦਰਦਨਾਕ ਹਾਦਸਾ ਹੋਇਆ | ਇਕ ਬਾਈਕ ਡੀ.ਟੀ.ਸੀ. ਬੱਸ ਦੇ ਪਿੱਛੇ ਵੱਜੀ ਅਤੇ ਬੱਸ ਨੂੰ ਅੱਗ ਲੱਗ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ | ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਵਾਪਰ ਜਾਂਦਾ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਬਾਈਕ ਸਵਾਰ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਦਿੱਲੀ ਪੁਲਿਸ ਦੇ ਮੁਤਾਬਿਕ ਇਹ ਘਟਨਾ ਲਗਭਗ ਸਵੇਰੇ 10.53 ਵਜੇ ਦਿੱਲੀ ਕੈਂਟ ਵਿਚ ਵਾਪਰੀ | ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਸ ਕੰਡਕਟਰ ਨੇ ਦੱਸਿਆ ਕਿ ਬੱਸ ਧੌਲਾ ਕੂਆਂ ਦੇ ਡਿਫੈਂਸ ਆਫੀਸਰਜ਼ ਇਨਕਲੇਵ ਬੱਸ ਸਟੈਂਡ 'ਤੇ ਯਾਤਰੀਆਂ ਨੂੰ ਉਤਾਰਨ ਲਈ ਰੁਕੀ ਸੀ | ਤਦ ਅਚਾਨਕ ਪਿੱਛੇ ਤੋਂ ਇਕ ਮੋਟਰਸਾਈਕਲ ਆਇਆ ਤੇ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾਅ ਗਿਆ | ਮੋਟਰਸਾਈਕਲ ਸੀ.ਐਨ.ਜੀ. ਬੱਸ ਦੇ ਹੇਠਾਂ ਫਸ ਗਈ ਅਤੇ ਸਪਾਰਕਿੰਗ ਕਾਰਨ ਬੱਸ ਨੂੰ ਅੱਗ ਲੱਗ ਗਈ | ਅੱਗ ਲੱਗਣ ਦੀ ਸੂਚਨਾ 'ਤੇ ਡਰਾਈਵਰ ਅਤੇ ਕੰਡਕਟਰ ਨੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ | ਸਪਾਰਕਿੰਗ ਕਾਰਨ ਬੱਸ ਜਲਦੀ ਹੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ | ਮੌਕੇ 'ਤੇ ਜਾਂਚ ਲਈ ਅਪਰਾਧ ਟੀਮ ਨੂੰ ਬੁਲਾਇਆ ਗਿਆ ਹੈ | ਜਾਂਚ ਦੌਰਾਨ ਇਹ ਪਾਇਆ ਗਿਆ ਕਿ ਬਾਈਕ ਸਵਾਰ ਨੂੰ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਏਮਜ਼ ਦੇ ਟਰੋਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ | ਫਿਲਹਾਲ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਹਾਲਾਂਕਿ ਡੀ.ਟੀ.ਸੀ. ਬਸ ਸੜ ਗਈ ਹੈ |