ਨਾਰਾਇਣਗੜ੍ਹ, 4 ਸਤੰਬਰ (ਪੀ ਸਿੰਘ)- ਐਸ. ਡੀ. ਐਮ. ਸ਼ਿਵਜੀਤ ਭਾਰਤੀ ਵਲੋਂ ਸ਼ਹਿਜ਼ਾਦਪੁਰ ਇਲਾਕੇ ਦਾ ਦੌਰਾ ਕਰਕੇ ਹਾਲ ਹੀ 'ਚ ਹੋਈ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਸ਼ਹਿਜ਼ਾਦਪੁਰ-ਅੰਬਾਲਾ ਸ਼ਹਿਰ ਦੀ ਮੁੱਖ ਸੜਕ 'ਤੇ ਫਲਾਈਓਵਰ ਦੇ ਨੇੜੇ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲਿਆ | ਐਸ. ਡੀ. ਐਮ. ਨੇ ਕਿਹਾ ਕਿ ਲਗਾਤਾਰ ਭਾਰੀ ਬਾਰਿਸ਼ ਅਤੇ ਦਰਿਆਵਾਂ 'ਚ ਤੇਜ਼ ਵਹਾਅ ਕਾਰਨ ਪਾਣੀ ਦੇ ਨਿਕਾਸ 'ਚ ਸਮਾਂ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਐਨ. ਐਚ. ਏ. ਆਈ. ਨੇ ਆਪਣੇ ਨਾਲਿਆਂ ਦੀ ਸਫ਼ਾਈ ਕਰਵਾ ਲਈ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਕੁਝ ਘੰਟਿਆਂ 'ਚ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇਗਾ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ. ਡੀ. ਐਮ. ਨੇ ਕਿਹਾ ਕਿ ਮੌਸਮ ਵਿਭਾਗ ਵਲੋਂ ਜਾਰੀ ਅਲਰਟ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪੋ-ਆਪਣੇ ਖੇਤਰਾਂ 'ਚ ਤਾਇਨਾਤ ਰਹਿਣ ਅਤੇ ਹਰ ਸਥਿਤੀ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੀਂਹ ਕਾਰਨ ਹੋਏ ਨੁਕਸਾਨ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਨਾਇਬ ਤਹਿਸੀਲਦਾਰ ਅਤੇ ਬੀ. ਡੀ. ਪੀ. ਓ. ਨੂੰ ਤੁਰੰਤ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ | ਨਿਰੀਖਣ ਦੌਰਾਨ ਬੀ. ਡੀ. ਪੀ. ਓ. ਸ਼ਬਨਮ ਰੇਲਨ ਸਮੇਤ ਪਿੰਡ ਮਾਜਰਾ ਅਤੇ ਸ਼ਹਿਜਾਦਪੁਰ ਦੇ ਸਰਪੰਚ ਵੀ ਮੌਜੂਦ ਸਨ | ਐਸ. ਡੀ. ਐਮ. ਨੇ ਉਨ੍ਹਾਂ ਤੋਂ ਪਾਣੀ ਦੀ ਨਿਕਾਸੀ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਜ਼ਰੂਰੀ ਨਿਰਦੇਸ਼ ਦਿੱਤੇ | ਉਨ੍ਹਾਂ ਸ਼ਹਿਜਾਦਪੁਰ ਥਾਣੇ ਦੇ ਅਸ਼ੋਕ ਕੁਮਾਰ ਨੂੰ ਵੀ ਜ਼ਰੂਰੀ ਨਿਰਦੇਸ਼ ਦਿੱਤੇ | ਇਸ ਤੋਂ ਪਹਿਲਾਂ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਬੇਗਨਾ ਨਦੀ 'ਚ ਆਏ ਹੜ੍ਹ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਵਿਭਾਗਾਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਂਹ ਕਾਰਨ ਸਾਵਧਾਨ ਰਹਿਣ, ਜਿੰਨਾ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਖਾਸ ਕਰਕੇ ਦਰਿਆਵਾਂ ਅਤੇ ਨਾਲਿਆਂ ਦੇ ਨੇੜੇ ਜਾਣ ਤੋਂ ਬਚਿਆ ਜਾਵੇ |