ਫ਼ਤਿਹਾਬਾਦ, 4 ਸਤੰਬਰ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਦੀਪਕ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਆਫ਼ਤ ਪੀੜਤ ਰਾਹਤ ਯੋਜਨਾ ਤਹਿਤ ਗਠਿਤ ਟੀਮ ਨੇ ਭੂਨਾ, ਧਾਰਸੂਲ, ਕੁਲਾ, ਟੋਹਾਣਾ ਤੇ ਆਸ ਪਾਸ ਦੇ ਖੇਤਰਾਂ 'ਚ ਮੀਂਹ ਕਾਰਨ ਪਾਣੀ ਭਰੇ ਇਲਾਕਿਆਂ ਦਾ ਦੌਰਾ ਕੀਤਾ ਤੇ ਨਿਰੀਖਣ ਕੀਤਾ | ਕਮੇਟੀ ਮੈਂਬਰ ਸੁਨੀਤਾ ਰਾਣੀ ਜਾਂਡਲੀ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਕਿ ਜੇਕਰ ਹੜ੍ਹ ਜਾਂ ਕਿਸੇ ਕੁਦਰਤੀ ਆਫ਼ਤ ਕਾਰਨ ਫ਼ਸਲਾਂ, ਖੇਤੀਬਾੜੀ ਵਾਲੀ ਜ਼ਮੀਨ, ਪਸ਼ੂਆਂ ਜਾਂ ਕਿਸੇ ਹੋਰ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ | ਅਜਿਹੇ ਮਾਮਲਿਆਂ ਵਿਚ ਪ੍ਰਭਾਵਿਤ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ |