ਸਿਰਸਾ, 4 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਪਿਆ | ਕਈ ਇਲਾਕਿਆਂ ਵਿੱਚ ਹਾਲਾਤ ਹੜ੍ਹ ਵਰਗੇ ਹੋ ਗਏ ਹਨ | ਮੀਂਹ ਕਾਰਨ ਕਪਾਹ, ਝੋਨੇ, ਮੂੰਗੀ, ਗੁਆਰ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਇਸ ਦੇ ਨਾਲ ਹੀ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ | ਇਸ ਕਾਰਨ ਕਈ ਘਰਾਂ ਵਿੱਚ ਤਰੇੜਾਂ ਪੈ ਗਈਆਂ ਹਨ | ਜ਼ਿਲ੍ਹਾ ਦੇ ਚੋਪਟਾ ਇਲਾਕੇ ਦੇ ਕਈ ਸਕੂਲਾਂ ਦੇ ਅਹਾਤਿਆਂ ਵਿੱਚ ਪਾਣੀ ਭਰ ਗਿਆ ਹੈ | ਭਾਰੀ ਮੀਂਹ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ | ਸਿਰਸਾ ਵਿੱਚ 52 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਇੱਕ ਟਾਪੂ ਵਿੱਚ ਬਦਲ ਗਿਆ | ਸੀਵਰੇਜ ਓਵਰਫਲੋ ਹੋ ਗਿਆ ਤੇ ਪਾਣੀ ਨੀਵੇਂ ਇਲਾਕਿਆਂ ਵਿੱਚ ਦਾਖਲ ਹੋ ਗਿਆ | ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਖੁਦ ਕਰਮਚਾਰੀਆਂ ਨਾਲ ਬਾਜ਼ਾਰਾਂ ਵਿੱਚ ਪਹੁੰਚੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਕਰਵਾਈ | ਸਵੇਰੇ ਕਰੀਬ 8:30 ਵਜੇ ਤੇਜ਼ ਮੀਂਹ ਸ਼ੁਰੂ ਹੋਇਆ ਜੋ ਦੁਪਹਿਰ 12 ਵਜੇ ਤੱਕ ਜਾਰੀ ਰਿਹਾ | ਭਾਰੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਗਲੀਆਂ ਪਾਣੀ ਵਿੱਚ ਡੁੱਬ ਗਈਆਂ | ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਦਾ ਪਾਣੀ ਅਜੇ ਪੂਰੀ ਤਰ੍ਹਾਂ ਨਿਕਾਸ ਨਹੀਂ ਹੋਇਆ ਸੀ ਤੇ ਅੱਜ ਹੋਈ ਭਾਰੀ ਬਾਰਿਸ਼ ਨੇ ਲੋਕਾਂ ਦੀ ਮੁਸੀਬਤ ਹੋਰ ਵਧਾ ਦਿੱਤੀ | ਬਾਰਿਸ਼ ਕਾਰਨ ਨੀਵੀਆਂ ਤੇ ਕੱਚੀਆਂ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੇਠਲੇ ਇਲਾਕੇ ਦੇ ਘਰਾਂ ਵਿੱਚ ਪਾਣੀ ਭਰ ਗਿਆ | ਬਾਰਿਸ਼ ਕਾਰਨ ਹਿਸਾਰ ਰੋਡ, ਹਿਸਾਰੀਆ ਬਾਜ਼ਾਰ, ਅਗਰਸੇਨ ਕਲੋਨੀ, ਸੂਰਤਗੜ੍ਹੀਆ ਬਾਜ਼ਾਰ, ਸਰਕੂਲਰ ਰੋਡ, ਸਦਰ ਬਾਜ਼ਾਰ, ਪਟੇਲ ਬਸਤੀ, ਗੋਲ ਡਿਗੀ ਚੌਕ, ਭਦਰਾ ਬਾਜ਼ਾਰ, ਗਊਸ਼ਾਲਾ ਰੋਡ, ਸ਼ਿਵ ਚੌਕ, ਜਨਤਾ ਭਵਨ ਰੋਡ, ਬੱਸ ਸਟੈਂਡ ਦੇ ਸਾਹਮਣੇ, ਪੁਰਾਣੀ ਕਚਹਿਰੀ ਰੋਡ 'ਤੇ ਪਾਣੀ ਭਰਨ ਕਾਰਨ ਲੋਕਾਂ ਤੇ ਡਰਾਈਵਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਬਾਜ਼ਾਰਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣੀਆਂ ਪਈਆਂ | ਦੋਪਹੀਆ ਵਾਹਨਾਂ ਦੇ ਮੀਂਹ ਦੇ ਪਾਣੀ ਵਿੱਚ ਫਸਣ ਕਾਰਨ ਡਰਾਈਵਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਜਾਣ ਵਿੱਚ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਇਸ ਦੇ ਨਾਲ ਹੀ ਹੇਠਲੇ ਇਲਾਕੇ ਵਿੱਚ ਲੋਕ ਆਪਣੇ ਘਰਾਂ ਤੋਂ ਪਾਣੀ ਕੱਢਦੇ ਦੇਖੇ ਗਏ | ਅੱਜ ਭਾਰੀ ਮੀਂਹ ਕਾਰਨ ਸ਼ਹਿਰ ਦੇ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਕਾਰਨ ਘਰ ਦੇ ਮਾਲਕ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ | ਦੂਜੇ ਪਾਸੇ ਹਿਸਾਰ ਘੱਗਰ ਡਰੇਨ ਚੌਪਟਾ ਵਿੱਚ ਓਵਰਫਲੋਅ ਹੋ ਗਈ | ਸੂਚਨਾ ਮਿਲਣ 'ਤੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ | ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਈ ਤੇ ਸੇਮਨਾਲਾ ਵਿੱਚ ਪਏ ਪਾੜ ਨੂੰ ਪੂਰ ਦਿੱਤਾ | ਇਸ ਤੋਂ ਬਾਅਦ ਮਨਰੇਗਾ ਵਰਕਰਾਂ ਨੇ ਮਿੱਟੀ ਦੀਆਂ ਬੋਰੀਆਂ ਪਾ ਕੇ ਇਸਨੂੰ ਮਜ਼ਬੂਤ ਕੀਤਾ | ਇਸ ਦੇ ਨਾਲ ਹੀ ਪਿੰਡ ਵਾਸੀ ਟਰੈਕਟਰ ਟਰਾਲੀ ਨਾਲ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ | ਸੇਮਨਾਲਾ ਵਿੱਚ ਓਵਰਫਲੋਅ ਹੋਣ ਦੀ ਸੂਚਨਾ ਮਿਲਣ 'ਤੇ ਬੀ.ਡੀ.ਪੀ.ਓ. ਡਾ. ਸਟਾਲਿਨ ਸਿਧਾਰਥ ਸਚਦੇਵਾ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ | ਪਿੰਡ ਦੀ ਸਰਪੰਚ ਰੀਟਾ ਕਾਸਾਨੀਆਂ, ਰਘੁਬੀਰ ਕੜਵਾਸਰਾ, ਰਵਿੰਦਰ ਕਾਸਾਨੀਆਂ, ਜੈਪ੍ਰਕਾਸ਼, ਭਾਲ ਸਿੰਘ ਨੇ ਦੱਸਿਆ ਕਿ ਸੇਮਨਾਲਾ ਵਿੱਚ ਭਾਰੀ ਮੀਂਹ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਓਵਰਫਲੋਅ ਹੋ ਗਿਆ | ਇਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ | ਜੇਕਰ ਥੋੜ੍ਹੀ ਜਿਹੀ ਦੇਰੀ ਹੁੰਦੀ ਤਾਂ ਚੌਪਟਾ ਤੇ ਨੱਥੂਸਰੀ ਕਲਾਂ ਪਿੰਡ ਡੁੱਬ ਜਾਂਦੇ | ਹਿਸਾਰ ਘੱਗਰ ਡਰੇਨ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਇਸ ਦੇ ਟੁੱਟਣ ਦਾ ਖ਼ਤਰਾ ਹੈ | ਇਸ ਕਾਰਨ ਦੜ੍ਹਬਾ ਕਲਾਂ, ਮਾਣਕ ਦੀਵਾਨ, ਮਾਖੋਸਰਾਣੀ, ਨਾਥੂਸਰੀ ਕਲਾਂ, ਚੌਪਟਾ, ਸ਼ੱਕਰ ਮੰਦੋਰੀ, ਤਰਕਾਂਵਾਲੀ, ਸ਼ਾਹਪੁਰੀਆ, ਗੰਜਾ ਰੁਪਾਣਾ, ਲਦੇਸਰ, ਰੁਪਾਣਾ ਖੁਰਦ, ਗੁਡੀਆਖੇੜਾ, ਬਕਰੀਆਂਵਾਲੀ ਸਮੇਤ ਕਈ ਪਿੰਡਾਂ ਵਿੱਚ ਖ਼ਤਰਾ ਬਣਿਆ ਹੋਇਆ ਹੈ | ਪਿੰਡ ਸ਼ੱਕਰ ਮੰਡੋਰੀ ਦੇ ਸਰਕਾਰੀ ਮਿਡਲ ਸਕੂਲ ਤੇ ਦੜ੍ਹਬਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਾਣੀ ਭਰ ਗਿਆ | ਹਾਲਾਂਕਿ ਸਕੂਲਾਂ ਵਿੱਚ ਪਾਣੀ ਭਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿੱਤਾ ਗਿਆ | ਭਾਰੀ ਬਾਰਸ਼ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ | ਮੀਂਹ ਕਾਰਨ ਜ਼ਿਲ੍ਹੇ ਦੇ ਪਿੰਡਾਂ ਲੁਦੇਸਰ, ਦੜ੍ਹਬਾ ਕਲਾਂ, ਮਾਣਕ ਦੀਵਾਨ, ਸ਼ੱਕਰ ਮੰਦੋਰੀ, ਮਾਖੋਸਰਾਣੀ, ਚੌਪਟਾ ਸਮੇਤ ਕਈ ਥਾਵਾਂ 'ਤੇ ਪਾਣੀ ਭਰ ਗਿਆ | ਪਿੰਡ ਲੁਦੇਸਰ ਵਿੱਚ ਬਣਿਆ ਸ਼ਹੀਦੀ ਸਮਾਰਕ ਵੀ ਪਾਣੀ ਵਿੱਚ ਡੁੱਬ ਗਿਆ |