ਕਾਲਾਂਵਾਲੀ/ਸਿਰਸਾ, 4 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮੰਡੀ ਕਾਲਾਂਵਾਲੀ ਦੀ ਇੱਕ ਔਰਤ ਦੀ ਪਿੰਡ ਭਾਗੀਬੰਦਰ ਨੇੜੇ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਕਿ ਮਿ੍ਤਕਾ ਦਾ ਪਤੀ ਅਤੇ ਧੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ | ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ | ਮਿ੍ਤਕਾ ਦੀ ਪਛਾਣ ਨੀਸ਼ੂ ਗੋਇਲ, ਵਾਸੀ ਮਾਡਲ ਟਾਊਨ ਕਾਲਾਂਵਾਲੀ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕਾ ਨੀਸ਼ੂ ਆਪਣੇ ਪਤੀ ਸੰਦੀਪ ਗੋਇਲ ਤੇ ਲਗਭਗ 13 ਸਾਲ ਦੀ ਧੀ ਦੀਆ ਨਾਲ ਕਾਰ ਵਿੱਚ ਜੈਤੋ ਮੰਡੀ ਪੰਜਾਬ ਜਾ ਰਹੀ ਸੀ | ਜਿਵੇਂ ਹੀ ਉਹ ਭਾਗੀਬੰਦਰ ਪਹੁੰਚੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਟਕਰਾ ਗਈ | ਇਸ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ ਵਿੱਚ ਨੀਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਪਤੀ ਸੰਦੀਪ ਗੋਇਲ ਤੇ ਧੀ ਦੀਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਰਾਹਗੀਰਾਂ ਨੇ ਉਨ੍ਹਾਂ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਪਹੁੰਚਾਇਆ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕਾ ਨੀਸ਼ੂ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ | ਉਸਦਾ ਇੱਕ ਭਰਾ ਵਿਦੇਸ਼ ਵਿੱਚ ਹੈ ਤੇ ਦੂਜਾ ਭਰਾ ਵੱਖਰਾ ਰਹਿੰਦਾ ਹੈ | ਉਸਦੀ ਮਾਂ ਘਰ ਵਿੱਚ ਇਕੱਲੀ ਰਹਿੰਦੀ ਹੈ ਤੇ ਉਹ ਬਹੁਤ ਬਿਮਾਰ ਹੈ | ਉਹ ਅਕਸਰ ਆਪਣੇ ਪਤੀ ਨਾਲ ਜੈਤੋ ਜਾ ਕੇ ਉਸਦੀ ਦੇਖਭਾਲ ਕਰਦੀ ਸੀ | ਅੱਜ ਵੀ ਉਹ ਆਪਣੀ ਮਾਂ ਲਈ ਦਵਾਈ ਲੈਣ ਜਾ ਰਹੀ ਸੀ |