ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਸ਼ਹਿਰ ਸਫਾਈ ਮੁਹਿੰਮ ਤਹਿਤ ਨਗਰ ਨਿਗਮ ਨੇ ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਵੀਰਵਾਰ ਦੀ ਰਾਤ ਅਤੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ 19 ਬੇਸਹਾਰਾ ਪਸ਼ੂ ਫੜ੍ਹ ਕੇ ਗਊਸ਼ਾਲਾ ਭੇਜੇ | ਨਗਰ ਨਿਗਮ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸ਼ਹਿਰ ਬੇਸਹਾਰਾ ਪਸ਼ੂਆਂ ਤੋਂ ਮੁਕਤ ਨਹੀਂ ਹੋ ਜਾਂਦਾ | ਮੇਅਰ ਸੁਮਨ ਬਹਾਮਣੀ ਨੇ ਕਿਹਾ ਕਿ ਹਰਿਆਣਾ ਸ਼ਹਿਰੀ ਸਫਾਈ ਮੁਹਿੰਮ ਤਹਿਤ ਨਗਰ ਨਿਗਮ ਖੇਤਰ ਤੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਤਿੰਨ ਜ਼ੋਨ ਬਣਾਏ ਗਏ ਹਨ | ਸੀ. ਐਸ. ਆਈ. ਹਰਜੀਤ ਸਿੰਘ ਨੂੰ ਵਾਰਡ 1 ਤੋਂ 7, ਸੀ. ਐਸ. ਆਈ. ਵਿਨੋਦ ਬੇਨੀਵਾਲ ਨੂੰ ਵਾਰਡ 8 ਤੋਂ 15 ਅਤੇ ਸੀ. ਐਸ. ਆਈ. ਅਨਿਲ ਨੈਨ ਨੂੰ ਵਾਰਡ 16 ਤੋਂ 22 ਤੱਕ ਜ਼ਿੰਮੇਵਾਰੀ ਸੌਂਪੀ ਗਈ ਹੈ | ਤਿੰਨਾਂ ਜ਼ੋਨਾਂ 'ਚ ਨਿਗਮ ਦੀਆਂ ਟੀਮਾਂ ਬਣਾ ਕੇ ਆਵਾਰਾ ਪਸ਼ੂਆਂ ਨੂੰ ਫੜ੍ਹਨ ਦਾ ਕੰਮ ਕੀਤਾ ਜਾ ਰਿਹਾ ਹੈ | ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਇਸੇ ਲੜੀ ਤਹਿਤ ਵੀਰਵਾਰ ਦੀ ਰਾਤ ਅਤੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਸੈਕਟਰ 17, ਜਗਾਧਰੀ-ਯਮੁਨਾਨਗਰ ਰੋਡ, ਉਦਯੋਗਿਕ ਖੇਤਰ ਸਮੇਤ ਵੱਖ-ਵੱਖ ਥਾਵਾਂ ਤੋਂ 19 ਪਸ਼ੂ ਫੜ੍ਹੇ, ਜਿਨ੍ਹਾਂ ਨੂੰ ਨਿਗਮ ਦੇ ਵਾਹਨਾਂ 'ਚ ਚੜ੍ਹਾ ਕੇ ਗਊਸ਼ਾਲਾ ਲਿਜਾਇਆ ਗਿਆ | ਇਨ੍ਹਾਂ ਪਸ਼ੂਆਂ 'ਚ ਜ਼ਿਆਦਾਤਰ ਗਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਪਹਿਲਾਂ ਪਸ਼ੂ ਪਾਲਕਾਂ ਦੁਆਰਾ ਵਰਤਿਆ ਗਿਆ ਹੈ ਤੇ ਫਿਰ ਛੱਡ ਦਿੱਤਾ ਗਿਆ | ਪਸ਼ੂ ਪਾਲਕ ਉਨ੍ਹਾਂ ਗਾਵਾਂ ਨੂੰ ਛੱਡ ਦਿੰਦੇ ਹਨ ਜੋ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ | ਨਿਗਮ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ਅਤੇ ਲੋੜ ਖ਼ਤਮ ਹੋਣ ਤੋਂ ਬਾਅਦ ਪਸ਼ੂਆਂ ਨੂੰ ਖੁੱਲ੍ਹੇ 'ਚ ਨਾ ਛੱਡਣ, ਸਗੋਂ ਪਸ਼ੂਆਂ ਨੂੰ ਸਿਰਫ਼ ਗਊਸ਼ਾਲਾ ਜਾਂ ਨੰਦੀਸ਼ਾਲਾ 'ਚ ਹੀ ਛੱਡਿਆ ਜਾਵੇ | ਉਨ੍ਹਾਂ ਦੱਸਿਆ ਕਿ ਸਾਰੇ ਜਾਨਵਰਾਂ ਨੂੰ ਟੈਗ ਕਰਕੇ ਗਊਸ਼ਾਲਾ 'ਚ ਛੱਡਿਆ ਜਾ ਰਿਹਾ ਹੈ ਤੇ ਨਿਗਮ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਗਰ ਨਿਗਮ ਖੇਤਰ 'ਚੋਂ ਹਰ ਆਵਾਰਾ ਪਸ਼ੂ ਨਹੀਂ ਫੜਿ੍ਹਆ ਜਾਂਦਾ |