ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 53ਵਾਂ ਖੂਨਦਾਨ ਮੇਲਾ ਕਰਵਾਇਆ ਗਿਆ | ਕਾਲਜ ਦੇ ਸੰਸਥਾਪਕ ਸੇਠ ਜੈ ਪ੍ਰਕਾਸ਼ ਦੇ ਜਨਮ ਦਿਨ ਮੌਕੇ ਕਰਵਾਏ ਜਾਣ ਵਾਲੇ ਇਸ ਮੇਲੇ ਨੂੰ ਲੈ ਕੇ ਕਾਲਜ ਕੈਂਪਸ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਇਸ ਮੌਕੇ ਕਾਲਜ ਦੇ ਵੱਖ-ਵੱਖ ਹਿੱਸਿਆਂ 'ਚ ਖੂਨਦਾਨ ਨੂੰ ਉਤਸ਼ਾਹਿਤ ਕਰਨ ਵਾਲੇ ਨਾਅਰਿਆਂ ਅਤੇ ਤਸਵੀਰਾਂ 'ਤੇ ਆਧਾਰਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ | ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਐਨ. ਐਸ. ਐਸ., ਐਨ. ਸੀ. ਸੀ., ਰੈੱਡ ਕਰਾਸ ਅਤੇ ਕਾਲਜ ਦੇ ਹੋਰ ਸਾਰੇ ਸੈੱਲਾਂ ਦੇ ਵਿਦਿਆਰਥੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਮੇਲੇ 'ਚ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਪ੍ਰਬੰਧਨ ਕਮੇਟੀ ਦੇ ਅਧਿਕਾਰੀਆਂ ਤੇ ਨਾਗਰਿਕਾਂ ਵਲੋਂ 329 ਯੂਨਿਟ ਖੂਨਦਾਨ ਕੀਤਾ ਗਿਆ | ਇਸ ਮੌਕੇ 'ਅਧਿਆਪਕ ਦਿਵਸ' ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਪੂਰੇ ਉਤਸ਼ਾਹ ਨਾਲ ਖੂਨਦਾਨ 'ਚ ਹਿੱਸਾ ਲਿਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ ਨੇ ਕੀਤੀ | ਇਸ ਮੌਕੇ ਸੇਠ ਅਸ਼ੋਕ ਕੁਮਾਰ ਦੇ ਵੱਡੇ ਪੁੱਤਰ ਅਸ਼ਵਨੀ ਕੁਮਾਰ, ਜੋ ਕਿ ਇਕ ਉਦਯੋਗਪਤੀ ਅਤੇ ਸਮਾਜ ਸੇਵੀ ਹਨ ਸਮੇਤ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ | ਵਿਦਿਆਰਥੀਆਂ ਨੂੰ ਖੂਨਦਾਨ ਕਰਨ ਬਾਰੇ ਪ੍ਰੇਰਿਤ ਕਰਨ ਲਈ ਪਿ੍ੰ. ਡਾ. ਅਨਿਲ ਧਵਨ ਅਤੇ ਪ੍ਰੋਫੈਸਰਾਂ ਵਲੋਂ ਇਕ ਹਫ਼ਤਾ ਪਹਿਲਾਂ ਕਾਲਜ ਦੇ ਵੱਖ-ਵੱਖ ਕਲੱਬਾਂ ਅਤੇ ਇਕਾਈਆਂ ਲਈ ਕਈ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੇਲੇ ਤੋਂ ਇਕ ਦਿਨ ਪਹਿਲਾਂ ਵਿਦਿਆਰਥੀਆਂ ਨੇ ਇਕ ਰੈਲੀ ਕੱਢ ਕੇ ਲੋਕਾਂ ਨੂੰ ਖੂਨਦਾਨ ਕਰਨ ਸੰਬੰਧੀ ਪ੍ਰੇਰਿਤ ਵੀ ਕੀਤਾ ਸੀ | ਇਸ ਮੌਕੇ ਕਾਲਜ ਦੀਆਂ ਐਨ. ਐਸ. ਐਸ. ਯੂਨਿਟਾਂ ਦੇ ਵਲੰਟੀਅਰਾਂ ਵਲੋਂ ਖੂਨਦਾਨ ਮੇਲੇ ਦੇ ਦੋ ਦਿਨਾਂ ਦੌਰਾਨ ਜਾਗਰੂਕਤਾ ਰੈਲੀ ਅਤੇ ਪੋਸਟਰ ਸਲੋਗਨ ਰਾਹੀਂ ਖੂਨਦਾਨ ਕਰਨ ਦੇ ਸੰਦੇਸ਼ ਦਿੱਤੇ ਗਏ | ਇਸ ਤੋਂ ਇਲਾਵਾ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਭੋਜਨ ਪ੍ਰਦਾਨ ਕਰਨ 'ਚ ਵਲੰਟੀਅਰਾਂ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਇਸ ਮੌਕੇ ਪਿ੍ੰ. ਡਾ. ਅਨਿਲ ਧਵਨ ਨੇ ਪ੍ਰੋਗਰਾਮ ਅਫ਼ਸਰ ਡਾ. ਰਾਹੁਲ ਸਿੰਘ, ਡਾ. ਉਮੰਗ ਬਰੇਜਾ, ਡਾ. ਅੰਕੁਰ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ | ਇਸ ਮੌਕੇ ਪਿ੍ੰ. ਡਾ. ਧਵਨ ਨੇ ਕੈਂਪ ਦੌਰਾਨ ਖੂਨ ਇਕੱਤਰ ਲਈ ਪੁੱਜੀ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਸਮੇਤ ਜ਼ਿਲ੍ਹਾ ਰੈੱਡ ਕਰਾਸ ਦੀਆਂ ਟੀਮਾਂ, ਵੱਖ-ਵੱਖ ਕਾਲਜਾਂ ਤੇ ਸ਼ਹਿਰ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗਿਆਨ ਪ੍ਰਕਾਸ਼, ਡਾ. ਆਰ. ਕੇ. ਗਰਗ, ਸ਼ਸ਼ੀ ਬਟਲਾ, ਡਾ. ਵਿਵੇਕ ਸ਼ਰਮਾ, ਡਾ. ਅਨਿਲ ਬੁੱਧੀਰਾਜਾ, ਡਾ. ਅਵਿਨਾਸ਼ ਜੈਨ, ਡਾ. ਈਸ਼ਵਰ ਅਗਰਵਾਲ, ਸੁਚਿਤਾ ਸਾਗਰ, ਡਾ. ਸੁਰਿੰਦਰ ਕੌਰ, ਡਾ. ਜੇ. ਐੱਲ. ਗੁਪਤਾ, ਸਜਲ ਸਿੰਘਲ, ਅਸ਼ਵਨੀ ਦੱਤਾ, ਅਭਿਸ਼ੇਕ ਦੱਤਾ, ਸਤਪਾਲ ਓਬਰਾਏ, ਕਾਲਕਾ ਪ੍ਰਸ਼ਾਦ ਤੇ ਸੁਦੀਆ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |