ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਐਲੂਮਨੀ ਐਸੋਸੀਏਸ਼ਨ ਯਮੁਨਾਨਗਰ ਦੀ ਗਵਰਨਿੰਗ ਬਾਡੀ ਦੇ ਵਫ਼ਦ, ਜਿਸ 'ਚ ਪ੍ਰਧਾਨ ਗੁਰਦਿਆਲ ਸਿੰਘ ਨਿਮਰ, ਉਪ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕਿਰਨ ਵਧਾਨ ਸ਼ਾਮਿਲ ਸਨ, ਵਲੋਂ ਨਵ-ਨਿਯੁਕਤ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰ. ਡਾ. ਭੱਲਾ ਨੇ ਧੰਨਵਾਦ ਵਫ਼ਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਵਿਦਿਆਰਥੀ ਕਾਲਜ ਦੀ ਵਿਰਾਸਤ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਮੈਂ ਉਨ੍ਹਾਂ ਤੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਰਥਿਕ ਸਹਾਇਤਾ ਪ੍ਰਦਾਨ ਕਰਨ ਦੀ ਉਮੀਦ ਕਰਦਾ ਹਾਂ | ਇਸ ਮੌਕੇ ਐਲੂਮਨੀ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਦੇ ਵਫ਼ਦ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਨਵ-ਨਿਯੁਕਤ ਪਿ੍ੰ. ਡਾ. ਭੱਲਾ ਕਾਲਜ ਨੂੰ ਨਵੀਂਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ | ਇਸ ਮੌਕੇ ਕਾਲਜ ਦੇ ਵਾਈਸ ਪਿ੍ੰ. ਡਾ. ਪ੍ਰਤਿਮਾ ਸ਼ਰਮਾ ਅਤੇ ਐਲੂਮਨੀ ਸੈੱਲ ਦੇ ਕੋਆਰਡੀਨੇਟਰ ਡਾ. ਹੇਮੰਤ ਮਿਸ਼ਰਾ ਸਮੇਤ ਡਾ. ਤਿਲਕ ਰਾਜ ਆਦਿ ਵੀ ਹਾਜ਼ਰ ਸਨ | ਇਸੇ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਐਲੂਮਨੀ ਬਾਡੀ ਅਤੇ ਕਾਲਜਾਂ ਦਾ ਸੰਬੰਧ ਇਕ ਪੁਲ ਵਾਂਗ ਹੈ, ਜੋ ਕਿ ਇਕ ਸ਼ਾਨਦਾਰ ਅਤੀਤ ਨੂੰ ਇਕ ਉੱਜਵਲ ਭਵਿੱਖ ਨਾਲ ਜੋੜਦਾ ਹੈ |