ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)- ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਯਮੁਨਾਨਗਰ 'ਚ ਹੜ੍ਹਾਂ ਦੀ ਸਥਿਤੀ ਬਣਨ ਕਾਰਨ ਜ਼ਿਲ੍ਹੇ ਵਿਚਲੀਆਂ ਸਾਰੀਆਂ ਨਦੀਆਂ, ਨਹਿਰਾਂ, ਜਲ ਭੰਡਾਰਾਂ, ਤਲਾਬਾਂ ਆਦਿ 'ਚ ਲੋਕਾਂ ਦੇ ਡੁੱਬਣ ਦੀ ਸੰਭਾਵਨਾ ਹੈ, ਲਿਹਾਜ਼ਾ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨ ਰਹਿਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ | ਇਸ ਤੱਥ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਪਾਰਥ ਗੁਪਤਾ ਨੇ ਆਫ਼ਤ ਪ੍ਰਬੰਧਨ ਐਕਟ 2005 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਯਮੁਨਾਨਗਰ 'ਚ ਸਥਿਤ ਕਿਸੇ ਵੀ ਨਦੀ, ਨਹਿਰ, ਜਲ ਭੰਡਾਰ ਤੇ ਤਲਾਬ ਆਦਿ ਦੇ ਨੇੜੇ ਨਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਜ਼ਿਆਦਾ ਮੀਂਹ ਕਾਰਨ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਦੁਆਰਾ ਨਿਰਧਾਰਤ ਈ-ਮੁਆਵਜ਼ਾ ਪੋਰਟਲ 'ਤੇ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ | ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਕਮਿਸ਼ਨਰ ਨਗਰ ਨਿਗਮ ਯਮੁਨਾਨਗਰ-ਜਗਾਧਾਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ, ਸੰਬੰਧਤ ਤਹਿਸੀਲਦਾਰ/ਸਬ-ਤਹਿਸੀਲਦਾਰ, ਸੰਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਤੇ ਗ੍ਰਾਮ ਪੰਚਾਇਤਾਂ ਦੀ ਹੋਵੇਗੀ | ਉਪ-ਮੰਡਲ ਅਧਿਕਾਰੀ (ਸਿਵਲ) ਜਗਾਧਾਰੀ, ਵਿਆਸਪੁਰ, ਰਾਦੌਰ ਤੇ ਛਛਰੌਲੀ ਆਪੋ-ਆਪਣੀਆਂ ਸਬ-ਡਵੀਜ਼ਨਾਂ 'ਚ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ |