ਗੂਹਲਾ ਚੀਕਾ, 24 ਸਤੰਬਰ (ਓ.ਪੀ. ਸੈਣੀ)- ਰਾਸ਼ਟਰੀ ਸੇਵਾ ਯੋਜਨਾ (ਐਨ.ਐੱਸ.ਐੱਸ.) ਦਾ ਸਥਾਪਨਾ ਦਿਵਸ ਅੱਜ ਸ਼ਹੀਦ ਸਿਪਾਹੀ ਰਾਜੇਸ਼ ਕੁਮਾਰ ਸਰਕਾਰੀ ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ, ਭਾਗਲ ਵਿਖੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਸਾਰੇ ਵਲੰਟੀਅਰਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ | ਬੱਚਿਆਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਚਰਚਾ ਕੀਤੀ | ਇਹ ਪ੍ਰੋਗਰਾਮ ਪਿ੍ੰਸੀਪਲ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਦੇ ਵਲੰਟੀਅਰਾਂ ਦੁਆਰਾ ਸਫਲਤਾਪੂਰਵਕ ਕਰਵਾਇਆ ਗਿਆ | ਇਸ ਮੌਕੇ ਆਪਣੇ ਸੰਦੇਸ਼ ਵਿਚ ਪਿ੍ੰਸੀਪਲ ਨੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਇੱਕ ਰਾਸ਼ਟਰੀ ਪੱਧਰ ਦਾ ਸਰਕਾਰੀ ਪ੍ਰੋਗਰਾਮ ਹੈ ਜੋ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਚੱਲ ਰਿਹਾ ਹੈ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਈ ਮੌਕੇ ਪ੍ਰਦਾਨ ਕਰਦਾ ਹੈ | ਐਨ.ਐਸ.ਐਸ. ਅਧਿਕਾਰੀ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਡਾ. ਵੀ.ਕੇ.ਆਰ.ਵੀ. ਰਾਓ ਨੂੰ ਭਾਰਤ ਵਿਚ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਦੇ ਪਿਤਾ ਤੇ ਸੰਸਥਾਪਕ ਮੰਨਿਆ ਜਾਂਦਾ ਹੈ | ਉਨ੍ਹਾਂ ਨੇ 24 ਸਤੰਬਰ, 1969 ਨੂੰ ਕੇਂਦਰੀ ਸਿੱਖਿਆ ਮੰਤਰੀ ਵਜੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ | ਐਨ.ਐਸ.ਐਸ. ਪ੍ਰੋਗਰਾਮ ਮਹਾਤਮਾ ਗਾਂਧੀ ਦੇ ਮਨੁੱਖਤਾ ਦੀ ਸੇਵਾ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਕੈਂਪਸ ਤੇ ਭਾਈਚਾਰੇ ਵਿਚਕਾਰ ਇੱਕ ਅਰਥਪੂਰਨ ਸੰਬੰਧ ਸਥਾਪਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ | ਅਰਚਿਤ ਸ਼ਰਮਾ ਨੇ ਕਿਹਾ ਕਿ ਐਨ.ਐੱਸ.ਐੱਸ. ਦਾ ਅਧਿਕਾਰਤ ਆਦਰਸ਼ ਵਾਕ 'ਮੈਂ ਨਹੀਂ, ਸਗੋਂ ਤੁਸੀਂ' ਹੈ, ਜੋ ਸਾਨੂੰ ਸਮਾਜ ਤੇ ਦੂਜਿਆਂ ਦੀ ਦੇਖਭਾਲ ਕਰਨਾ ਸਿਖਾਉਂਦਾ ਹੈ | ਪ੍ਰੋਗਰਾਮ ਦੀ ਸਮਾਪਤੀ 12ਵੀਂ ਜਮਾਤ ਦੀ ਵਿਦਿਆਰਥਣ ਲਵਲੀਨ ਨੇ ਦੇਸ਼ ਭਗਤੀ ਦਾ ਗੀਤ 'ਐ ਦੇਸ਼ ਮੇਰੇ' ਗਾ ਕੇ ਕੀਤੀ | ਕਿ੍ਸ਼ਨਾ ਪੂਨੀਆ, ਨਵਲ ਕਾਲੜਾ, ਦਰਸ਼ਨ ਸਿੰਘ, ਸੁਰੇਂਦਰ ਕੁਮਾਰ, ਲਲਿਤ ਮਲਿਕ, ਪਾਇਲ, ਆਸ਼ਾ ਤੇ ਰਾਜਿੰਦਰ ਕੁਮਾਰ ਸਮੇਤ ਸਕੂਲ ਦੇ ਸਾਰੇ ਸਟਾਫ਼ ਮੈਂਬਰ ਇਸ ਮੌਕੇ ਮੌਜੂਦ ਸਨ |