ਕੋਲਕਾਤਾ, 27 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)- ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲਾਂ 'ਚ ਹਰ ਸਾਲ ਦੇਸ਼ ਅਤੇ ਸਮਾਜ ਦੀ ਤਸਵੀਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਇਸ ਬਾਰ ਮਾਹੌਲ ਰਾਸ਼ਟਰਵਾਦ ਦਾ ਚੱਲ ਰਿਹਾ ਹੈ, ਇਸ ਲਈ ਅਪਰੇਸ਼ਨ ਸਿੰਦੂਰ ਤੋਂ ਲੈ ਕੇ 1946 ਦੇ ਦੰਗੇ ਦੀ ਯਾਦ ਪੂਜਾ ਪੰਡਾਲਾਂ 'ਚ ਵੇਖਣ ਨੂੰ ਮਿਲ ਰਹੀ ਹੈ | ਇਸ ਦੇ ਨਾਲ ਹੀ ਵਾਤਾਵਰਨ ਦੀ ਸੁਰੱਖਿਆ ਤੋਂ ਲੈ ਕੇ ਹੋਰ ਵੀ ਵੱਖ-ਵੱਖ ਮੁੱਦੇ ਪੂਜਾ ਕਮੇਟੀਆਂ ਵੱਲੋਂ ਪੇਸ਼ ਕੀਤੇ ਗਏ ਹਨ | ਯੰਗ ਬੁਆਇਜ ਕਲੱਬ ਨੇ ਅਪਰੇਸ਼ਨ ਸਿੰਦੂਰ ਨੂੰ ਆਪਣੀ ਥੀਮ ਵਜੋਂ ਵਰਤਿਆ ਹੈ | ਫ਼ੌਜੀ ਜਵਾਨਾਂ ਦੇ ਮਾਡਲ ਬਣਾਏ ਗਏ ਹਨ | ਇੱਥੇ ਪੁੱਜਣ ਵਾਲਿਆਂ ਨੂੰ ਇਹੋ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਉਹ ਜੰਗ ਦੇ ਮੈਦਾਨ ਵਿਚ ਆ ਗਏ ਹਨ | ਸਮਾਜ ਸੇਵੀ ਸੰਘ ਵੱਲੋਂ 16 ਅਗਸਤ 1946 ਦੀ ਘਟਨਾ ਨੂੰ ਯਾਦ ਕਰਦਿਆਂ ਥੀਮ ਬਣਾਈ ਹੈ | ਫ਼ਿਰਕੂ ਹਿੰਸਾ ਨੂੰ ਰੋਕਣ ਤੇ ਭਾਈਚਾਰਾ ਕਾਇਮ ਕਰਨ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਰਹੀ ਕ੍ਰਾਂਤੀਕਾਰੀ ਲੀਲਾ ਰਾਏ ਦੇ ਰੋਲ ਨੂੰ ਵੀ ਇੱਥੇ ਪੇਸ਼ ਕੀਤਾ ਗਿਆ ਹੈ | ਪੂਜਾ ਕਮੇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਫ਼ਿਰਕੂ ਹਿੰਸਾ 'ਚ ਸਾਰਾ ਬੰਗਾਲ ਸੜ ਰਿਹਾ ਸੀ, ਉਸ ਸਮੇਂ ਭਾਈਚਾਰਾ ਕਾਇਮ ਕਰਨ ਲਈ ਇੱਥੇ ਦੁਰਗਾ ਪੂਜਾ ਕੀਤੀ ਗਈ ਸੀ | ਪਹਿਲੀ ਪੂਜਾ ਨੂੰ ਯਾਦ ਕਰਦਿਆਂ ਇਸ ਸਾਲ ਉਸੇ ਥੀਮ 'ਤੇ ਪੂਜਾ ਕੀਤੀ ਜਾ ਰਹੀ ਹੈ | ਬਾਗੁਈਆਟੀ ਦੇ ਅਰਜੁਨਪੁਰ 'ਚ ਆਮਰਾ ਸੋਬਾਈ ਕਲੱਬ ਵੱਲੋਂ ਆਹਮੋ-ਸਾਹਮਣੇ ਥੀਮ ਨੂੰ ਮੁੱਖ ਰੱਖਿਆ ਗਿਆ ਹੈ | ਪੰਡਾਲ 'ਚ ਦਾਖਲ ਹੰੁਦਿਆਂ ਹੀ ਸਟੇਨਲਸ ਸਟੀਲ ਦੇ ਗਲਾਸ 'ਚ ਦਰਸ਼ਕਾਂ ਨੂੰ ਆਪਣੇ ਹਜ਼ਾਰਾਂ ਚਿੱਤਰ ਵਿਖਾਈ ਦੇ ਰਹੇ ਹਨ | ਇੱਥੇ ਇਹ ਜ਼ਿਕਰਯੋਗ ਹੈ ਕਿ ਦੇਵੀ ਵੱਖ ਮਹਾਲਯਾ ਤੋਂ ਮੰਨਿਆ ਜਾਂਦਾ ਹੈ, ਉਸ ਤੋਂ ਬਾਅਦ ਦੁਰਗਾ ਪੂਜਾ ਆਰੰਭ ਹੁੰਦੀ ਹੈ ਪਰ ਦੁਰਗਾ ਪੂਜਾ (ਮੂਰਤੀ ਤੇ ਪੰਡਾਲ ਦਰਸ਼ਨ) ਸ਼ਸ਼ਠੀ ਤੋਂ ਦਸਵੀਂ ਦੇ 91 ਘੰਟੇ ਮੰਨਿਆ ਜਾਂਦਾ ਹੈ | ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਮਤਾ ਬੈਨਰਜੀ ਨੇ ਪੂਜਾ ਨੂੰ ਹੋਰ ਵੀ ਲੋਕਪਿ੍ਆ ਬਣਾਉਣ ਲਈ ਮੂਰਤੀਆਂ ਦੇ ਜਲ ਪ੍ਰਵਾਹ ਦੀ ਘਟਨਾ ਨੂੰ ਮੈਗਾ ਇਵੇਂਟ ਬਣਾ ਦਿੱਤਾ ਹੈ | ਦੁਰਗਾ ਪੂਜਾ ਕਾਰਨੀਵਾਲ ਦੀ ਬਰਾਬਰੀ ਬਰਾਜ਼ੀਲ ਦੇ ਕਾਰਨੀਵਾਲ ਨਾਲ ਕੀਤੀ ਜਾ ਰਹੀ ਹੈ | ਜਿੱਥੇ ਦੇਸ਼-ਵਿਦੇਸ਼ ਦੇ ਆਗੂਆਂ ਦੀ ਹਾਜ਼ਰੀ 'ਚ ਹਜ਼ਾਰਾਂ ਦਰਸ਼ਕ ਮੌਕੇ 'ਤੇ ਅਤੇ ਕਰੋੜਾਂ ਦਰਸ਼ਕ ਲਾਈਵ ਮੂਰਤੀਆਂ ਦੇ ਦਰਸ਼ਨ ਕਰਦੇ ਹਨ | ਇਸ ਸਾਲ 40 ਹਜ਼ਾਰ ਤੋਂ ਵੱਧ ਪੂਜਾ ਕਮੇਟੀਆਂ ਨੂੰ ਇੱਕ ਲੱਖ 10 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਨਾਲ ਪੂਜਾ ਕਮੇਟੀਆਂ ਦਾ ਉਤਸ਼ਾਹ ਵੀ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਦੁਰਗਾ ਪੂਜਾ 'ਚ ਰਾਜਨੀਤੀ ਦਾ ਵਿਸ਼ੇਸ਼ ਰੋਲ ਰਿਹਾ ਹੈ | ਖੱਬਾ ਮੋਰਚਾ ਦੇ ਸਰਕਾਰ ਸਮੇਂ ਭਾਵੇਂ ਕਮਿਊਨਿਸਟ ਸਿੱਧੇ ਤੌਰ 'ਤੇ ਪੂਜਾ ਕਮੇਟੀਆਂ ਨਾਲ ਨਹੀਂ ਜੁੜੇ ਸਨ ਪਰ ਪੂਜਾ ਪੰਡਾਲ ਦੇ ਬਾਹਰ ਖੱਬੇ ਪੱਥੀ ਸਾਹਿੱਤ ਦੇ ਸਟਾਲ ਲਾਏ ਜਾਂਦੇ ਸਨ, ਜਿਸ ਵਿਚ ਭਾਰੀ ਗਿਣਤੀ ਚ ਸਾਹਿੱਤਿਕ ਕਿਤਾਬਾਂ ਦੀ ਵਿੱਕਰੀ ਹੁੰਦੀ ਸੀ | ਸੱਤਾ ਬਦਲਣ ਤੋਂ ਬਾਅਦ ਖੱਬੇ ਪੱਖੀ ਸਟਾਲ ਘੱਟ ਗਏ ਤੇ ਤਿ੍ਣਮੂਲ ਦੇ ਸਟਾਲ ਵਧ ਗਏ ਜਿੱਥੇ ਮਮਤਾ ਬੈਨਰਜੀ ਦੀਆਂ ਲਿਖੀਆਂ ਕਿਤਾਬਾਂ ਦੀ ਵਿੱਕਰੀ ਹੁੰਦੀ ਹੈ | ਭਾਵੇਂ ਤਿ੍ਣਮੂਲ ਕਾਂਗਰਸ ਵੱਲੋਂ ਸਿੱਧੇ ਤੌਰ 'ਤੇ ਪੂਜਾ 'ਚ ਦਖ਼ਲ ਨਹੀਂ ਹੁੰਦਾ ਪਰ ਭਾਜਪਾ ਵੱਲੋਂ ਦੁਰਗਾ ਪੂਜਾ ਸ਼ੁਰੂ ਕੀਤੀ ਗਈ ਹੈ ਤੇ ਕੋਲਕਾਤਾ 'ਚ ਦੋ ਥਾਂ ਪਾਰਟੀ ਵੱਲੋਂ ਪੂਜਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਕੋਲਕਾਤਾ ਪੁਲਿਸ ਵੱਲੋਂ ਪੂਜਾ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ |