ਯਮੁਨਾਨਗਰ, 27 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਸਰਸਵਤੀ ਨਗਰ ਅਨਾਜ ਮੰਡੀ ਦਾ ਨਿਰੀਖਣ ਕਰਦੇ ਹੋਏ ਝੋਨੇ ਦੀ ਖਰੀਦ ਦੇ ਕੰਮ ਤੇ ਹੋਰਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਸਾਨਾਂ ਤੇ ਕਮਿਸ਼ਨ ਏਜੰਟਾਂ ਨਾਲ ਗੱਲਬਾਤ ਕਰਨ ਉਪਰੰਤ ਝੋਨੇ ਦੀ ਨਮੀ ਦੀ ਮਾਤਰਾ ਵੀ ਚੈੱਕ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰ ਨੇ 1 ਅਕਤੂਬਰ ਦੀ ਬਜਾਏ 22 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਤੇ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਹੈਫੇਡ, ਵੇਅਰਹਾਊਸ ਤੇ ਫੂਡ ਸਪਲਾਈ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ | ਇਸ ਸਾਲ ਜ਼ਿਲ੍ਹੇ ਦੀਆਂ ਮੰਡੀਆਂ 'ਚ ਲਗਭਗ 6 ਲੱਖ ਮੀਟਿ੍ਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ | ਡੀ. ਸੀ. ਨੇ ਅੱਗੇ ਦੱਸਿਆਕਿ ਸਰਕਾਰ ਨੇ ਗ੍ਰੇਡ-ਏ ਝੋਨੇ ਦੀ ਕੀਮਤ 2,389 ਰੁ. ਪ੍ਰਤੀ ਕੁਇੰਟਲ ਅਤੇ ਆਮ ਗ੍ਰੇਡ ਝੋਨੇ ਦੀ ਕੀਮਤ 2,369 ਰੁ. ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਹੈ | ਉਨ੍ਹਾਂ ਦੱਸਿਆ ਕਿ 26 ਸਤੰਬਰ ਤੱਕ ਜ਼ਿਲ੍ਹੇ ਦੀਆਂ ਸਾਰੀਆਂ 13 ਮੰਡੀਆਂ 'ਚ 14,536 ਮੀਟਿ੍ਕ ਟਨ ਗ੍ਰੇਡ-ਏ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ 6,937 ਮੀਟਿ੍ਕ ਟਨ, ਹੈਫੇਡ ਵਲੋਂ 2,406 ਮੀਟਿ੍ਕ ਟਨ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 5,194 ਮੀਟਿ੍ਕ ਟਨ ਝੋਨਾ ਖਰੀਦਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬਿਲਾਸਪੁਰ ਅਨਾਜ ਮੰਡੀ 'ਚ 1,184 ਮੀਟਿ੍ਕ ਟਨ, ਛਛਰੌਲੀ ਅਨਾਜ ਮੰਡੀ 'ਚ 864 ਮੀਟਿ੍ਕ ਟਨ, ਗੁਮਥਲਾ ਕੱਚਾ ਅਨਾਜ ਮੰਡੀ 'ਚ 111 ਮੀਟਿ੍ਕ ਟਨ, ਜਗਾਧਰੀ ਅਨਾਜ ਮੰਡੀ 'ਚ 2,857 ਮੀਟਿ੍ਕ ਟਨ, ਖਰਵਾਂ ਮੰਡੀ 'ਚ 339 ਮੀਟਿ੍ਕ ਟਨ, ਸਰਸਵਤੀ ਨਗਰ ਅਨਾਜ ਮੰਡੀ 'ਚ 4,579 ਮੀਟਿ੍ਕ ਟਨ, ਰਾਦੌਰ ਅਨਾਜ ਮੰਡੀ 'ਚ 1,455 ਮੀਟਿ੍ਕ ਟਨ, ਰਣਜੀਤਪੁਰ ਅਨਾਜ ਮੰਡੀ 'ਚ 133.5 ਮੀਟਿ੍ਕ ਟਨ, ਰਸੂਲਪੁਰ ਮੰਡੀ 'ਚ 1,073 ਮੀਟਿ੍ਕ ਟਨ, ਸਢੌਰਾ ਅਨਾਜ ਮੰਡੀ 'ਚ 1,941 ਮੀਟਿ੍ਕ ਟਨ ਝੋਨਾ ਖਰੀਦਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਤੋਂ ਪਹਿਲਾਂ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ | ਉਨ੍ਹਾਂ ਮੰਡੀ 'ਚ ਮੌਜੂਦ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਡੀਆਂ 'ਚ ਬਿਜਲੀ, ਸਾਫ਼ ਪਾਣੀ, ਪਖਾਨੇ ਆਦਿ ਦੀ ਸਹੂਲਤਾਂ ਬਾਰੇ ਵੀ ਪੁੱਛਗਿੱਛ ਕੀਤੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫ਼ਸਲ ਹੀ ਮੰਡੀ 'ਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਆਪਣੀ ਝੋਨੇ ਦੀ ਫਸਲ ਨੂੰ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ ਤਾਂ ਜੋ ਕਿਸਾਨਾਂ ਨੂੰ ਸਹੀ ਸਮੇਂ 'ਤੇ ਆਪਣੀ ਫਸਲ ਦਾ ਸਹੀ ਮੁੱਲ ਮਿਲ ਸਕੇ | ਅੰਤ 'ਚ ਡੀ. ਸੀ. ਨੇ ਸਾਰੇ ਐਸ. ਡੀ. ਐਮਜ਼ ਨੂੰ ਸਮੇਂ-ਸਮੇਂ 'ਤੇ ਆਪੋ-ਆਪਣੇ ਖੇਤਰਾਂ ਅਧੀਨ ਪੈਂਦੀਆਂ ਅਨਾਜ ਮੰਡੀਆਂ ਦਾ ਨਿਰੀਖਣ ਕਰਦੇ ਰਹਿਣ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਜਗਾਧਰੀ ਦੇ ਐਸ.ਡੀ.ਐਮ. ਵਿਸ਼ਵਨਾਥ, ਡੀ.ਐਫ.ਐਸ.ਸੀ. ਜਤਿਨ ਮਿੱਤਲ, ਹੈਫੇੱਡ ਦੇ ਡੀ.ਐਮ. ਸ਼ੀਸ਼ਪਾਲ ਗੌਰੀ, ਆੜ੍ਹਤੀਆ ਐਸੋਸੀਏਸ਼ਨ ਸਰਸਵਤੀ ਨਗਰ ਦੇ ਅਹੁਦੇਦਾਰ, ਖਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀ ਤੇ ਕਿਸਾਨ ਵੀ ਹਾਜ਼ਰ ਸਨ |