ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਐਨਈਪੀ ਸਾਰਥੀ ਦੀ ਅਗਵਾਈ ਹੇਠ ਰਾਸ਼ਟਰੀ ਸਿੱਖਿਆ ਨੀਤੀ 2020 'ਤੇ ਵਾਦ-ਵਿਵਾਦ ਅਤੇ ਪੋਸਟਰ-ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਵਾਦ-ਵਿਵਾਦ ਮੁਕਾਬਲੇ ਦਾ ਵਿਸ਼ਾ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਵਿਸ਼ਾ 'ਸਿੱਖਿਆ ਪਰਿਵਰਤਨ ਦੁਆਰਾ ਰਾਸ਼ਟਰੀ ਪਰਿਵਰਤਨ' ਸੀ | ਦੋਵਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਲਈ ਇੱਕ ਰਚਨਾਤਮਕ ਅਤੇ ਬੌਧਿਕ ਪਲੇਟਫਾਰਮ ਪ੍ਰਦਾਨ ਕਰਨਾ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ. 2020) ਦੀ ਭਾਵਨਾ ਨੂੰ ਪ੍ਰਗਟ ਕਰਨਾ ਸੀ | ਰਾਸ਼ਟਰੀ ਸਿੱਖਿਆ ਨੀਤੀ 2020 ਦੇ ਨੋਡਲ ਅਫਸਰ ਡਾ. ਮਨੋਜ ਬਾਂਸਲ ਨੇ ਦੱਸਿਆ ਕਿ ਯੂਨੀਵਰਸਿਟੀ ਸਕੂਲ ਫਾਰ ਗ੍ਰੈਜੂਏਟ ਸਟੱਡੀਜ਼ ਦੇ ਡੀਨ ਪ੍ਰੋਫੈਸਰ ਸੁਸ਼ੀਲ ਕੁਮਾਰ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦਾ ਮਨੋਬਲ ਵਧਾਇਆ ਤੇ ਭਵਿੱਖ ਵਿੱਚ ਅਜਿਹੇ ਘਰੇਲੂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਸਮੇਂ-ਸਮੇਂ 'ਤੇ ਨਵੀਂ ਸਿੱਖਿਆ ਨੀਤੀ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ | ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਿੱਖਿਆ ਦੀ ਨਵੀਂ ਦਿਸ਼ਾ ਬਾਰੇ ਆਪਣੇ ਵਿਚਾਰ ਅਤੇ ਰਚਨਾਤਮਕ ਦਿ੍ਸ਼ਟੀਕੋਣ ਪੇਸ਼ ਕੀਤੇ | ਬਹਿਸ ਮੁਕਾਬਲੇ ਵਿੱਚ ਬੀ.ਬੀ.ਏ. ਦੀ ਵਿਦਿਆਰਥਣ ਤਾਨਿਆ ਅਤੇ ਬੀ.ਕਾਮ ਦੀ ਵਿਦਿਆਰਥਣ ਪਿ੍ੰਸ ਪਹਿਲੇ ਸਥਾਨ 'ਤੇ ਰਹੀਆਂ | ਬੀ.ਕਾਮ ਦੀਆਂ ਵਿਦਿਆਰਥਣਾਂ ਤਿਸ਼ਾ ਅਤੇ ਸਾਨਿਆ ਦੂਜੇ ਸਥਾਨ ਪ੍ਰਾਪਤ ਕੀਤਾ | ਬੀ.ਐੱਸ.ਸੀ. ਗਣਿਤ ਦੀਆਂ ਵਿਦਿਆਰਥਣਾਂ ਹਿਮਾਂਸ਼ੀ ਅਤੇ ਸੰਜਨਾ ਤੀਜੇ ਸਥਾਨ ਪ੍ਰਾਪਤ ਕੀਤਾ | ਪੋਸਟਰ ਮੁਕਾਬਲੇ ਦੇ ਜੇਤੂਆਂ ਵਿੱਚੋਂ, ਬੀ.ਐੱਸ.ਸੀ. ਗਣਿਤ ਦੀ ਵਿਦਿਆਰਥਣ ਨੂਵੀ ਪਹਿਲਾ, ਬੀ.ਐੱਸ.ਸੀ. ਦੀ ਵਿਦਿਆਰਥਣ ਸ਼ਾਕਸ਼ੀ ਨੇ ਦੂਜਾ ਅਤੇ ਬੀ. ਕਾਮ ਦੀ ਵਿਦਿਆਰਥਣ ਰੋਸ਼ਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੱਜ ਦੀ ਭੂਮਿਕਾ ਡਾ. ਟਿਮਸੀ ਮਹਿਤਾ, ਡਾ. ਦੀਪਕ ਕੁਮਾਰ ਅਤੇ ਡਾ. ਸੁਨੀਲ ਕੁਮਾਰ ਨੇ ਨਿਭਾਈ |