ਸਿਰਸਾ, 28 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸੈਮੀਨਾਰ ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਵੱਲੋਂ ਡਿੰਗ ਮੰਡੀ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ | ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਕਿ੍ਸ਼ਨ ਨੈਨ ਨੇ ਕਿਹਾ ਕਿ ਭਗਤ ਸਿੰਘ ਨੂੰ ਸਮਝਣ ਅਤੇ ਜਾਣਨ ਲਈ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਚਾਹੀਦਾ ਹੈ | ਉਨ੍ਹਾਂ ਨੂੰ ਪੜ੍ਹੇ ਬਿਨਾਂ ਭਗਤ ਸਿੰਘ ਨੂੰ ਸਮਝਿਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਨਹੀਂ, ਲੋਕਾਂ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ | ਅੱਜ ਤੱਕ ਦੇਸ਼ ਵਿੱਚ 19 ਤੋਂ ਵੱਧ ਲੋਕਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਗਏ ਹਨ, ਪਰ ਭਗਤ ਸਿੰਘ ਨੂੰ ਉਨ੍ਹਾਂ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ | ਸ੍ਰੀ ਨੈਨ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਅਤੇ ਦੁਨੀਆ ਦੇ ਹਰ ਵਿਸ਼ੇ 'ਤੇ ਪੜ੍ਹਾਈ ਕੀਤੀ, ਸੋਚ-ਵਿਚਾਰ ਕੀਤਾ ਅਤੇ ਗਿਆਨ ਨੂੰ ਗ੍ਰਹਿਣ ਕੀਤਾ ਅਤੇ ਲਿਖਿਆ | ਅੱਜ ਦੇ ਨੌਜਵਾਨਾਂ ਨੂੰ ਭਗਤ ਸਿੰਘ ਨੂੰ ਯਾਦ ਕਰਨ ਅਤੇ ਸਿੱਖਣ ਲਈ ਇੱਕ ਵਾਰ ਫਿਰ ਲਾਇਬ੍ਰੇਰੀਆਂ ਵਿੱਚ ਜਾਣਾ ਚਾਹੀਦਾ ਹੈ | ਨੌਜਵਾਨਾਂ ਨੂੰ ਭਗਤ ਸਿੰਘ ਦੇ ਸੁਪਨਿਆਂ ਅਨੁਸਾਰ ਸ਼ੋਸ਼ਣ ਮੁਕਤ ਸਮਾਜ ਬਣਾਉਣ ਦੇ ਅਧੂਰੇ ਕਾਰਜ ਨੂੰ ਪੂਰਾ ਕਰਨਾ ਹੋਵੇਗਾ | ਇਸ ਮੌਕੇ ਬੋਲਦਿਆਂ ਸੋਹਣ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਕਿਤਾਬਾਂ ਵੱਲ ਵਾਪਸ ਪਰਤਣਾ ਪਵੇਗਾ ਅਤੇ ਸਮਾਜ ਦੇ ਹਰ ਖੇਤਰ ਵਿੱਚ ਦਖਲ ਦੇਣਾ ਪਵੇਗਾ | ਰਾਜਕੁਮਾਰ ਸ਼ੇਖੂਪੁਰੀਆ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦੇ ਦੇਸ਼ ਨੂੰ ਬਣਾਉਣ ਲਈ ਸਾਨੂੰ ਸ਼ਹੀਦਾਂ ਦੀ ਯਾਦ ਵਿੱਚ ਵੱਡੇ ਸਮਾਗਮ ਕਰਵਾਉਣੇ ਪੈਣਗੇ, ਇਹ ਸਮਾਗਮ ਹੀ ਸਮਾਜ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾ ਸਕਦੇ ਹਨ | ਇਸ ਪ੍ਰੋਗਰਾਮ ਵਿੱਚ ਮਾਸਟਰ ਕੁਲਦੀਪ ਸਿੰਘ ਨੇ ਗੀਤਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਸ਼ੌਰਿਆ ਚੱਕਰ ਜੇਤੂ ਭੀਮ ਸਿੰਘ ਅਤੇ ਵਿਨੋਦ ਕੁਮਾਰ ਫਲਾਇੰਗ ਅਫਸਰ ਨੂੰ ਸਨਮਾਨਿਤ ਕੀਤਾ ਗਿਆ | ਮਾਸਟਰ ਸੁਭਾਸ਼ ਫੋਗਾਟ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਦਰਿਆ ਸਿੰਘ ਸਰਪੰਚ ਪ੍ਰਤੀਨਿਧੀ, ਰਾਮਨਿਵਾਸ ਖਿਲੇਰੀ, ਰਾਮਦਤ ਪੂਨੀਆ, ਰਾਮਕੁਮਾਰ ਦਹੀਆ, ਮੰਗੇ ਰਾਮ, ਰਮੇਸ਼ ਸੇਨੀ, ਨਿਰਮਲ ਸਿੰਘ ਫੌਜੀ, ਰਵੀ ਕੁਮਾਰ, ਰਾਜੂ ਰਾਮ, ਭੀਮ ਸਿੰਘ ਦਹੀਆ, ਨੇਹਾ ਆਰਜੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਯੂਥ ਕਲੱਬ ਦੇ ਮੈਂਬਰ, ਕਿਸਾਨ ਸੰਗਠਨਾਂ ਦੇ ਅਹੁਦੇਦਾਰ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |