ਸਿਰਸਾ, 28 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਮਨਾਉਣ ਲਈ ਚਲਾਈ ਜਾ ਰਹੀ ਸੇਵਾ ਪਖਵਾੜਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਬਾਹਰ ਹੈਲਮੇਟ ਵੰਡੇ | ਇਸ ਮੌਕੇ ਹੋਏ ਸਮਾਗਮ ਦੀ ਪ੍ਰਧਾਨਗੀ ਸਿਰਸਾ ਵਿਧਾਨ ਸਭਾ ਹਲਕੇ ਦੇ ਪ੍ਰਤੀਨਿਧੀ ਅਤੇ ਸੀਨੀਅਰ ਭਾਜਪਾ ਨੇਤਾ ਰੋਹਤਾਸ਼ ਜਾਂਗੜਾ ਨੇ ਕੀਤੀ | ਇਸ ਮੌਕੇ 'ਤੇ ਸੁਖਵਿੰਦਰ ਸਿੰਘ ਬਰਾੜ ਨੇ ਭਾਜਪਾ ਵਰਕਰਾਂ ਨਾਲ ਮਿਲ ਕੇ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਵੰਡੇ | ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਹੈਲਮੇਟ ਪੁਲੀਸ ਦੇੰ ਜੁਰਮਾਨੇ ਦੇ ਡਰੋਂ ਨਹੀਂ, ਸਗੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਹੈਲਮੇਟ ਪਹਿਨਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਲੋਕ ਹੈਲਮੇਟ ਨਾ ਪਹਿਨਣ ਕਾਰਨ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਲੈਂਦੇ ਹਨ | ਦੋਪਹੀਆ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਇਹ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ | ਉਨ੍ਹਾਂ ਸੜਕ ਸੁਰੱਖਿਆ ਸਬੰਧੀ ਇੱਕ ਮਹੱਤਵਪੂਰਨ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਰ ਦੋਪਹੀਆ ਵਾਹਨ ਚਾਲਕ ਨੂੰ ਹੈਲਮੇਟ ਪਹਿਨਣਾ ਚਾਹੀਦਾ ਹੈ | ਇਹ ਨਾ ਸਿਰਫ਼ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ, ਸਗੋਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਇੱਕ ਫਰਜ਼ ਵੀ ਹੈ | ਡੀਐਸਪੀ ਸੰਜੀਵ ਬਲਹਾਰਾ ਦੀ ਟੀਮ ਨੇ ਹੈਲਮੇਟ ਵੰਡਣ ਵਿੱਚ ਸਹਾਇਤਾ ਕੀਤੀ ਅਤੇ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਤੋਂ ਬਚਣ, ਹੈਲਮੇਟ ਪਹਿਨਣ ਅਤੇ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਦੇ ਕਈ ਆਗੂ ਤੇ ਵਰਕਰ ਮੌਜੂਦ ਸਨ |