ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ੁਰੂ ਹੋ ਗਈ ਜੋ 10 ਨਵੰਬਰ ਤੱਕ ਚੱਲੇਗੀ ¢ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਜਿਸ ਉਪਰੰਤ ਪ੍ਰਦਰਸ਼ਨੀ ਸ਼ੁਰੂ ਹੋਈ ¢ ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਕੰਢੇ ਹਰ ਸਾਲ ਗੁਰਪੁਰਬ ਮੌਕੇ ਇਹ ਪ੍ਰਦਰਸ਼ਨੀ ਲਗਾਈ ਜਾਂਦੀ ਹੈ ¢ ਇਸ ਪ੍ਰਦਰਸ਼ਨੀ ਦਾ ਮਕਸਦ ਇਹ ਹੈ ਕਿ ਸਿੱਖ ਸੰਗਤ ਖ਼ਾਸ ਤੌਰ 'ਤੇ ਸਿੱਖ ਵਿਦਿਆਰਥੀ ਆਪਣੇ ਸਾਹਿਤ ਤੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ ¢ ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਵਿਸ਼ਵ ਪੱਧਰ 'ਤੇ ਪਬਲਿਸ਼ਰਾਂ ਦੀਆਂ ਕਿਤਾਬਾਂ ਸ਼ਾਮਿਲ ਕੀਤੀਆਂ ਗਈਆਂ ਹਨ ¢ ਉਨ੍ਹਾਂ ਦੱਸਿਆ ਕਿ ਹਰ ਸਾਲ ਲੱਖਾਂ ਰੁਪਏ ਮੁੱਲ ਦੀਆਂ ਪੁਸਤਕਾਂ ਸਾਹਿਤ ਦੇ ਚਾਹਵਾਨਾਂ ਵੱਲੋਂ ਇੱਥੇ ਲਈਆਂ ਜਾਂਦੀਆਂ ਹਨ ਤੇ ਅੱਗੇ ਸਿੱਖ ਸੰਗਤ ਵਿਚ ਵੀ ਵੰਡੀਆਂ ਜਾਂਦੀਆਂ ਹਨ ¢ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੰਗਤਾਂ ਇਸ ਪ੍ਰਦਰਸ਼ਨੀ ਨੂੰ ਵੀ ਹਰ ਸਾਲ ਵਾਂਗੂ ਵੱਧ ਤੋਂ ਵੱਧ ਹੁੰਗਾਰਾ ਦੇਣਗੀਆਂ ¢