ਨਵੀਂ ਦਿੱਲੀ, 21 ਨਵੰਬਰ (ਮਿਸਰਦੀਪ ਭਾਟੀਆ)-ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਅਤੇ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਵਿਚ 'ਪਾਪੂਲਰ ਪੰਜਾਬੀ ਸੱਭਿਆਚਾਰ : ਸੰਗੀਤ, ਸਿਨੇਮਾ ਤੇ ਸੋਸ਼ਲ ਮੀਡੀਆ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਸ਼ੁਰੂ ਵਿਚ ਸੈਮੀਨਾਰ ਦੇ ਕੋਆਰਡੀਨੋਟਰ ਡਾ. ਰੰਜੂ ਬਾਲਾ ਨੇ ਆਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ | ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਰਜਿਸਟਰਾਰ ਡਾ. ਵਿਕਾਸ ਗੁਪਤਾ ਅਤੇ ਡੀਨ ਆਰਟਸ ਡਾ. ਆਈ. ਐਨ. ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਬੋਲਦਿਆਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਸੈਮੀਨਾਰ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ | ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਪੰਜਾਬ ਕੋਲ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਹੈ ਅਤੇ ਮੌਜੂਦਾ ਗਾਇਕੀ ਪੰਜਾਬ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਬਹਾਦਰਾਂ, ਬੀਰ ਨਾਇਕਾਂ ਦੀ ਧਰਤੀ ਹੈ ਅਤੇ ਇਸ ਨੂੰ ਉਸੇ ਦਿਸ਼ਾ ਵਿਚ ਅਗਾਂਹ ਲਿਜਾਣ ਦੀ ਜ਼ਰੂਰਤ ਹੈ | ਪ੍ਰੋ. ਰਵੀ ਰਵਿੰਦਰ ਨੇ ਰਸਮੀ ਤੌਰ 'ਤੇ ਸਭ ਦਾ ਧੰਨਵਾਦ ਕੀਤਾ | ਇਸ ਸੈਮੀਨਾਰ ਦੇ ਚਾਰ ਅਕਾਦਮਿਕ ਸੈਸ਼ਨ ਸਨ | ਪਹਿਲੇ ਅਕਾਦਮਿਕ ਸੈਸ਼ਨ ਵਿਚ ਪ੍ਰੋ. ਵਿਵੇਕ ਸਚਦੇਵਾ ਨੇ ਪਾਪੂਲਰ ਪੰਜਾਬੀ ਸੱਭਿਆਚਾਰ ਵਿਸ਼ੇ 'ਤੇ ਮੁੱਖ ਭਾਸ਼ਨ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਸੱਭਿਆਚਾਰ ਨੂੰ ਕਿਸੇ ਇਕ ਸਾਂਚੇ ਵਿਚ ਫਿੱਟ ਨਹੀਂ ਕੀਤਾ ਜਾ ਸਕਦਾ | ਪਾਪੂਲਰ ਕਲਚਰ ਨੂੰ ਲੋਕਾਂ ਦੇ ਸੱਭਿਆਚਾਰ ਵਜੋਂ ਪ੍ਰਤੀਰੋਧ ਦੇ ਰੂਪ ਦੇਖਿਆ ਜਾ ਸਕਦਾ ਹੈ | ਉਨ੍ਹਾਂ ਬਹੁਤ ਸਾਰੀਆਂ ਫ਼ਿਲਮਾਂ ਦੇ ਹਵਾਲੇ ਨਾਲ ਭਾਰਤੀ ਸੱਭਿਆਚਾਰਕ ਸਮਾਜ ਵਿਚ ਪੈਦਾ ਕੀਤੀਆਂ ਰੁਚੀਆਂ ਬਾਰੇ ਦੱਸਿਆ | ਪ੍ਰੋ. ਰੇਣੂਕਾ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਪੰਜਾਬੀ ਸੰਗੀਤ ਵਿਚ ਸਟੇਟ ਅਤੇ ਸਥਾਪਤੀ ਦੇ ਵਿਰੋਧੀ ਭਾਵ ਦੇਖੇ ਜਾ ਸਕਦੇ ਹਨ | ਸੰਗੀਤ ਨੂੰ ਵਪਾਰ ਅਤੇ ਮਨੋਰੰਜਨ ਸਾਧਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ | ਦੂਜੇ ਸੈਸ਼ਨ ਵਿਚ ਪਾਪੂਲਰ ਪੰਜਾਬੀ ਸੰਗੀਤ ਪ੍ਰੋ: ਸੁਰਜੀਤ ਸਿੰਘ ਅਤੇ ਤਸਕੀਨ ਨੇ ਪੰਜਾਬੀ ਗਾਇਕੀ ਬਾਰੇ ਖੋਜ ਪੱਤਰ ਪੜ੍ਹੇ | ਉਨ੍ਹਾਂ ਕਿਹਾ ਕਿ ਅੱਜ ਦੀ ਸੰਗੀਤਕਾਰੀ ਜ਼ਮੀਨੀ ਹਕੀਕਤਾਂ ਤੋਂ ਟੁੱਟੀ ਹੋਈ ਹੈ | ਤਸਕੀਨ ਨੇ ਆਪਣੇ ਖੋਜ ਪੱਤਰ ਵਿਚ ਸਪੀਰੋਟਾਈਪ ਗਾਇਕੀ ਅਤੇ ਹਿਪ-ਹੋਪ ਕਲਚਰ ਨੂੰ ਆਲੋਚਨਾਤਮਕ ਨਜ਼ਰੀਏ ਤੋਂ ਪੇਸ਼ ਕੀਤਾ | ਪ੍ਰੋ. ਰਾਜੇਸ਼ ਗਿੱਲ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕਲਚਰ ਅਤੇ ਸਮਾਜ ਸਥਿਰ ਨਾ ਰਹਿ ਕੇ ਅਸਥਿਰ ਹਨ | ਅੱਜਕਲ੍ਹ ਦੀ ਗਾਇਕੀ ਦਾ ਸੰਕਟ ਆਰਥਿਕਤਾ ਨਾਲ ਜੁੜਿਆ ਹੋਇਆ ਹੈ | ਸਮਾਜਿਕ ਰਿਸ਼ਤਿਆਂ ਦੀ ਆਪਸੀ ਤਹਿਜ਼ੀਬ ਦਾ ਸੰਕਲਪ ਬਦਲ ਰਿਹਾ ਹੈ | ਤੀਜੇ ਸੈਸ਼ਨ ਵਿਚ ਪ੍ਰੋ. ਗੁਰਮੁਖ ਸਿੰਘ ਤੇ ਦਲਜੀਤ ਅਮੀ ਨੇ ਪੰਜਾਬੀ ਸਿਨੇਮਾ ਬਾਰੇ ਖੋਜ ਪੱਤਰ ਪੇਸ਼ ਕੀਤੇ | ਪ੍ਰੋ. ਗੁੁਰਮੁਖ ਸਿੰਘ ਨੇ ਕਿਹਾ ਕਿ ਪੰਜਾਬ ਸਿਨੇਮਾ ਸੈਕੂਲਰ ਭਾਵਾਂ ਦੀ ਤਰਜਮਾਨੀ ਕਰਦਾ ਹੈ | ਔਰਤ ਦੀ ਪੇਸ਼ਕਾਰੀ ਕਾਮੁਕ ਸਮੱਗਰੀ ਵਜੋਂ ਕੀਤੀ ਜਾ ਰਹੀ ਹੈ | ਦਲਜੀਤ ਅਮੀ ਨੇ ਕਿਹਾ ਕਿ ਫ਼ਿਲਮਾਂ ਦੇ ਅੰਦਰ ਟਵਿਸਟ ਪੈਦਾ ਕਰਨ ਲਈ ਸੱਭਿਆਚਾਰ ਦੇ ਮਿਸ਼ਰਤ ਰੂਪ ਨੂੰ ਉਭਾਰਿਆ ਗਿਆ ਹੈ | ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਵਿਵੇਕ ਸਚਦੇਵਾ ਨੇ ਕੀਤੀ | ਚੌਥੇ ਅਕਾਦਮਿਕ ਸੈਸ਼ਨ ਵਿਚ ਆਰਿਸ਼ ਛਾਬੜਾ ਅਤੇ ਸ਼ਮੀਨ ਨੇ ਪਾਪੂਲਰ ਪੰਜਾਬੀ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਵਿਚਾਰ ਉਤੇਜਕ ਪੇਪਰ ਪੜ੍ਹੇ | ਆਰਿਸ਼ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਪੱਤਰਕਾਰੀ ਵਿਚ ਰੂਮਾਨੀਅਤ ਅਤੇ ਖੌਫ਼ ਪ੍ਰਮੁੱਖ ਹਨ | ਪ੍ਰਧਾਨਗੀ ਭਾਸ਼ਨ ਵਿਚ ਪ੍ਰੋ.ਰਾਜੇਸ਼ ਨੇ ਸੋਸ਼ਲ ਮੀਡੀਆ ਨੂੰ ਇਕ ਤਰੀਕੇ ਨਾਲ ਐਂਟੀ ਸੋਸ਼ਲ ਕਿਹਾ, ਕਿਉਂਕਿ ਇਸ ਦਾ ਝੁਕਾਅ ਸਮਾਜ ਨਾਲੋਂ ਵੱਧ ਆਰਥਿਕ ਵਰਤਾਰੇ ਵੱਲ ਹੈ | ਸੈਮੀਨਾਰ ਦੇ ਵਿਦਾਇਗੀ ਸਸ਼ਨ ਵਿਚ ਭਾਸ਼ਨ ਦਿੰਦੇ ਹੋਏ ਪ੍ਰੋ: ਸਿੰਮੀ ਮਲਹੋਤਰਾ ਨੇ ਇਹ ਸਵਾਲ ਕੀਤਾ ਕਿ ਕੀ ਸਾਨੂੰ ਪਾਪੂਲਰ ਕਲਚਰ ਅਦਾਮਿਕ ਸਿਲੇਬਸ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ | ਪ੍ਰੋ. ਪੁਸ਼ਵਿੰਦਰ ਸਿਆਲ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਪੰਜਾਬ ਦੇ ਆਂਤਰਿਕ ਦੁਖਾਂਤ ਨੂੰ ੂ ਸਮਝਣ ਲਈ ਸਾਨੂੰ ਇਸ ਦੇ ਵਿਭਿੰਨ ਪਹਿਲੂਆਂ ਦੀ ਤਲਾਸ਼ ਕਰਨੀ ਪਵੇਗੀ | ਇਸ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |