ਨਵੀਂ ਦਿੱਲੀ, 24 ਨਵੰਬਰ (ਮਿਸਰਦੀਪ ਭਾਟੀਆ)-ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਅੰਤਰਰਾਸ਼ਟਰੀ ਪੁਸਤਕ ਉਤਸਵ ਦਾ ਦੌਰਾ ਕੀਤਾ, ਉਨ੍ਹਾਂ ਨੇ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ ਦੇ ਸਟਾਲ ਦਾ ਦੌਰਾ ਕੀਤਾ ਅਤੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੇ ਮੌਕੇ ਆਯੋਜਿਤ ਵਿਸ਼ੇਸ਼ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ | ਨੈਸ਼ਨਲ ਬੁੱਕ ਟਰੱਸਟ, ਇੰਡੀਆ ਨਵੀਂ ਦਿੱਲੀ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਵੰਦੇ ਮਾਤਰਮ ਵਿਸ਼ੇਸ਼ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੱਤੀ | ਅਮਿਤ ਸ਼ਾਹ ਨੇ ਸਸਤੇ ਪੁਸਤਕ ਭੰਡਾਰ ਦੇ ਸਟਾਲ 'ਤੇ ਕਿਤਾਬਾਂ ਦੇਖੀਆਂ | ਉਨ੍ਹਾਂ ਨੇ ਨਵਭਾਰਤ ਸਾਹਿਤ ਮੰਦਿਰ ਅਤੇ ਹੋਰ ਸਟਾਲਾਂ ਦਾ ਦੌਰਾ ਕੀਤਾ | ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ 'ਬਾਲ ਮੰਡਪ' ਅਤੇ 'ਲੇਖਕ ਮੰਚ' ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਬੱਚਿਆਂ ਨੂੰ ਕਿਤਾਬਾਂ ਵੀ ਵੰਡੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਸਾਹਿਤਕ ਸੰਵਾਦ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਵਰਗੇ ਵੱਖ-ਵੱਖ ਪ੍ਰੋਗਰਾਮਾਂ ਨਾਲ ਭਰਪੂਰ ਹੈ, ਜੋ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਦਾ ਹੈ | ਅਜਿਹੇ ਪ੍ਰੋਗਰਾਮ ਬੱਚਿਆਂ ਅਤੇ ਨੌਜਵਾਨਾਂ ਦੇ ਬੌਧਿਕ ਅਤੇ ਹੁਨਰ ਵਿਕਾਸ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਗੁਜਰਾਤ ਸਰਕਾਰ ਦੇ ਸਿੱਖਿਆ ਮੰਤਰੀ ਜੀਤੂ ਭਾਈ ਵਾਘਾਨੀ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾਬੇਨ ਰਾਕੇਸ਼ ਕੁਮਾਰ ਜੈਨ, ਵਿਧਾਇਕ ਦਰਸ਼ਨਾਬੇਨ ਵਾਘੇਲਾ, ਰਿਸ਼ੀਕੇਸ਼ ਪਟੇਲ ਸਮੇਤ ਸੰਸਦ ਮੈਂਬਰ, ਵਿਧਾਇਕ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ |