ਨਵੀਂ ਦਿੱਲੀ, 7 ਦਸੰਬਰ (ਭਾਟੀਆ)-ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵਲੋਂ ਸੁਰਜੀਤ ਭਵਨ ਨੇੜੇ ਮਾਤਾ ਸੁੰਦਰੀ ਕਾਲਜ ਫ਼ਾਰ ਵੁਮੈਨ, ਆਈ. ਟੀ. ਓ., ਦਿੱਲੀ ਵਿਖੇ ਇਕ ਸ਼ਾਨਦਾਰ ਸਾਹਿਤਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ | ਇਸ ਇਕੱਤਰਤਾ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਰੂਪ ਸਿੰਘ ਨਾਵਲਕਾਰ ਨੇ ਆਏ ਹੋਏ ਸਾਰੇ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਇਸ ਮੰਚ ਨੂੰ ਮੁੜ ਤੋਂ ਸੁਰਜੀਤ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਜਾਣ ਦਾ ਮਨੋਰਥ ਅੱਜ ਸਫ਼ਲ ਹੋਇਆ ਹੈ | ਇਸ ਇਕੱਤਰਤਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਾਹਿਤਕਾਰ, ਕਵੀ ਅਤੇ ਚਿੰਤਕ ਬਲਬੀਰ ਮਾਧੋਪੁਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਸੁਰਜੀਤ ਭਵਨ ਵਿਚ ਇਸ ਮੰਚ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਮੰਚ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ | ਇਸ ਸਾਹਿਤਕ ਇਕੱਤਰਤਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਮੋਨਿਕਾ ਸ਼ਰਮਾ ਪ੍ਰਸਿੱਧ ਹਿੰਦੀ ਲੇਖਿਕਾ ਨੇ ਵੀ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਪੰਜਾਬੀ ਦੇ ਉੱਘੇੇ ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਨੇ ਆਪਣੀ ਕਹਾਣੀ 'ਅੱਗ' ਪੇਸ਼ ਕੀਤੀ, ਜਿਸ ਦੀ ਸਰੋਤਿਆਂ ਨੇ ਭਰਪੂਰ ਸ਼ਲਾਘਾ ਕੀਤੀ | ਪੰਜਾਬੀ ਕਾਵਿ ਜਗਤ ਵਿਚ ਉੱਭਰ ਰਹੀ ਕਵਿੱਤਰੀ ਕਾਰੀਆ ਪ੍ਰਭਜੋਤ ਕੌਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨਿ੍ਹਆ | ਇਸ ਮੌਕੇ ਕਈ ਨਵ ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਪ੍ਰੋਗਰਾਮ ਦੇ ਅੰਤ ਵਿਚ ਇਕੱਤਰਤਾ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਮਨਜੀਤ ਸਿੰਘ ਸਾਬਕਾ ਵਿਭਾਗ ਦਿੱਲੀ ਯੂਨੀਵਰਸਿਟੀ ਨੇ ਸਾਰੇ ਸਾਹਿਤਕਾਰਾਂ ਦੁਆਰਾ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਜਿਥੇ ਹੋਰਨਾਂ ਸਭਾਵਾਂ ਵਿਚ ਸਰਗਰਮੀਆਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ, ਉਥੇ ਇਸ ਮੰਚ ਦਾ ਹੋਂਦ ਵਿਚ ਆਉਣਾ ਆਪਣੇ ਆਪ 'ਚ ਇਕ ਸ਼ਲਾਘਾਯੋਗ ਕਦਮ ਹੈ ਅਤੇ ਭਵਿੱਖ ਵਿਚ ਇਸ ਤੋਂ ਹੋਰ ਵਧੇਰੇ ਚੰਗੇ ਉਪਰਾਲਿਆਂ ਦੀ ਆਸ ਬਰਕਰਾਰ ਹੈ | ਇਸ ਇਕੱਤਰਤਾ ਦਾ ਮੰਚ ਸੰਚਾਲਨ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਨੇ ਬਾਖ਼ੂਬੀ ਨਿਭਾਇਆ | ਉਨ੍ਹਾਂ ਕਿਹਾ ਕਿ ਇਸ ਮੰਚ ਦਾ ਮੂਲ ਮਕਸਦ ਸਾਹਿਤ ਦੀ ਸੇਵਾ ਕਰਨਾ ਹੈ ਤੇ ਭਵਿੱਖ ਵਿਚ ਅਗਲੇਰੀਆਂ ਸਾਹਿਤਕ ਮਿਲਣੀਆਂ ਲਈ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ | ਅੰਤ ਵਿਚ ਮੰਚ ਦੇ ਖ਼ਜਾਨਚੀ ਮਿਸਰਦੀਪ ਭਾਟੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਮੰਚ 'ਚ ਖੜੋਤ ਦੀ ਸਥਿਤੀ ਬਣ ਗਈ ਸੀ | ਅਤੇ ਅਜੋਕੇ ਸਮੇਂ ਵਿਚ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਜਾ ਕੇ ਮੁੜ ਤੋਂ ਸੁਰਜੀਤ ਕਰਨ ਦਾ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ | ਇਸ ਮੌਕੇ 'ਤੇ ਸਭਾ ਦੇ ਮੀਤ ਪ੍ਰਧਾਨ ਰਮੇਸ਼ ਬੋਰਾ, ਸਯੁੰਕਤ ਸਕੱਤਰ ਡਾ. ਮਨਦੀਪ ਸਿੰਘ, ਪ੍ਰੈੱਸ ਸਕੱਤਰ ਕੁਲਦੀਪ ਸਿੰਘ, ਕਾਰਜਕਾਰੀ ਮੈਂਬਰ ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਲਖਵੰਤ ਸਿੰਘ. ਐਡ. ਦੀਪਇੰਦਰ ਸਿੰਘ ਬਾਹਰੀ, ਇਗਨੂੰ ਤੋਂ ਉਰਦੂ ਵਿਭਾਗ ਦੇ ਮੁਖੀ ਡਾ. ਧਰਮਵੀਰ ਸਿੰਘ, ਹਿੰਦੀ ਲੇਖਕ ਸੁਭਾਸ਼ ਅਖਿਲ, ਮਲਿਆਲਮ ਲੇਖਿਕਾ ਡਾ. ਰਤਨਾ, ਅੰਗਰੇਜ਼ੀ ਦੀ ਲੇਖਿਕਾ ਡਾ. ਮਨਜੀਤ ਕੌਰ, ਪੰਜਾਬ ਕੇਸਰੀ ਤੋਂ ਹਰੀਸ਼ ਮਹਿਤਾ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਇਸ ਸਾਹਿਤਕ ਪ੍ਰੋਗਰਾਮ ਵਿਚ ਉੱਘੇ ਸਾਹਿਤਕਾਰ, ਕਵੀ, ਚਿੰਤਕ ਅਤੇ ਹੋਰਨਾਂ ਭਾਸ਼ਾਵਾਂ ਨਾਲ ਸੰਬੰਧਿਤ ਅਨੇਕਾਂ ਹੀ ਸਾਹਿਤਕਾਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ |