ਮੋਰਿੰਡਾ, 18 ਦਸੰਬਰ (ਤਰਲੋਚਨ ਸਿੰਘ ਕੰਗ)-ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ | ਕੈਂਪ ਦੌਰਾਨ ਡਾ. ਸ਼ਿਖਾ ਜੈਨ ਨੇ ਸਰਵਾਈਕਲ ਕੈਂਸਰ, ਛਾਤੀ ਦਾ ਕੈਂਸਰ ਅਤੇ ਓਰਲ ਕੈਂਸਰ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਹਨਾਂ ਦੱਸਿਆ ਕਿ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸਾਫ਼-ਸੁਥਰੀ ਜੀਵਨਸ਼ੈਲੀ, ਨਿਯਮਿਤ ਜਾਂਚ ਕਰਵਾਉਣੀ ਅਤੇ ਜ਼ਰੂਰਤ ਅਨੁਸਾਰ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ | ਛਾਤੀ ਦੇ ਕੈਂਸਰ ਸਬੰਧੀ ਉਹਨਾਂ ਦੱਸਿਆ ਕਿ ਮਹਿਲਾਵਾਂ ਨੂੰ ਆਪਣੀ ਸਵੈ-ਜਾਂਚ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੰਢ ਜਾਂ ਅਸਮਾਨਤਾ ਮਹਿਸੂਸ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ | ਓਰਲ ਕੈਂਸਰ ਤੋਂ ਬਚਾਅ ਲਈ ਤੰਬਾਕੂ, ਗੁਟਖਾ, ਸਿਗਰਟ ਤੇ ਸ਼ਰਾਬ ਵਰਗੀਆਂ ਨਸ਼ੀਲੀ ਵਸਤੂਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵੇਣੂ ਗੁਪਤਾ, ਪ੍ਰੋਜੈਕਟ ਕੋਆਰਡੀਨੇਟਰ ਦੀਪਕ ਮੇਹਰਾ, ਕਿਰਨਜੀਤ ਕੌਰ, ਸਰੋਜ ਰਾਜਪੂਤ, ਜਗਤਾਰ ਸਿੰਘ, ਸ਼ਗੁਮ, ਪੂਜਾ, ਰਸ਼ਵਿੰਦਰ ਸਿੰਘ, ਐੱਸ.ਆਈ. ਲਖਮਿੰਦਰ ਸਿੰਘ ਆਦਿ ਹਾਜ਼ਰ ਸਨ |