ਰੂਪਨਗਰ, 18 ਦਸੰਬਰ (ਸਤਨਾਮ ਸਿੰਘ ਸੱਤੀ)-ਆਸਰੋਂ ਬੈਲਟ ਦੇ ਵੱਖ-ਵੱਖ ਸਨਅਤੀ ਅਦਾਰਿਆਂ ਦੇ ਮਜ਼ਦੂਰਾਂ ਵਲੋਂ ਗੇਟ ਰੈਲੀਆਂ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਮਜ਼ਦੂਰ ਵਿਰੋਧੀ ਫੈਸਲਿਆਂ ਦਾ ਸਖ਼ਤ ਵਿਰੋਧ ਕੀਤਾ ਗਿਆ | ਰੈਲੀਆਂ ਦੌਰਾਨ ਮਜ਼ਦੂਰਾਂ ਨੇ 29 ਕਿਰਤ ਕਾਨੂੰਨ ਰੱਦ ਕਰਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰਨ ਦੇ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ | ਇਹ ਗੇਟ ਮੀਟਿੰਗਾਂ ਸ਼ਰੇਆਂਸ਼ ਪੇਪਰ ਮਿੱਲ ਬੰਨਾ ਟੌਂਸਾ, ਸਵਰਾਜ ਮਾਜਦਾ ਫੈਕਟਰੀ ਆਸਰੋਂ ਅਤੇ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਆਸਰੋਂ ਸਮੇਤ ਕਈ ਸਨਅਤੀ ਅਦਾਰਿਆਂ ਦੇ ਗੇਟਾਂ 'ਤੇ ਕੀਤੀਆਂ ਗਈਆਂ | ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਮਹਾ ਸਿੰਘ ਰੋੜੀ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਅਤੇ ਮਜ਼ਦੂਰ ਵਰਗ ਆਪਣੀ ਏਕਤਾ ਨਾਲ ਇਸ ਲੜਾਈ ਨੂੰ ਹੋਰ ਤੇਜ਼ ਕਰੇਗਾ | ਉਨ੍ਹਾਂ ਆਪਣੇ ਸੰਬੋਧਨ ਵਿਚ ਸੀਟੂ ਦੇ ਸ਼ਾਨਦਾਰ ਇਤਿਹਾਸ 'ਤੇ ਚਾਨਣ ਪਾਉਂਦਿਆਂ 1970 ਵਿੱਚ ਬਣੀ ਕੁੱਲ ਹਿੰਦ ਮਜ਼ਦੂਰ ਜਥੇਬੰਦੀ ਸੀਟੂ ਦੇ ਬਾਨੀ ਜਨਰਲ ਸਕੱਤਰ ਕਾਮਰੇਡ ਪੀ. ਰਾਮਾਮੂਰਤੀ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨ੍ਹਾਂ ਦਾ ਦੇਹਾਂਤ 15 ਦਸੰਬਰ 1987 ਨੂੰ ਹੋਇਆ ਸੀ | ਉਨ੍ਹਾਂ ਦੱਸਿਆ ਕਿ ਕਾਮਰੇਡ ਪੀ. ਰਾਮਾਮੂਰਤੀ 14 ਸਾਲ ਦੀ ਉਮਰ ਵਿਚ ਹੀ ਰਾਜਨੀਤੀ ਨਾਲ ਜੁੜ ਗਏ ਸਨ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ | ਉਹ 1952 ਵਿਚ ਜੇਲ੍ਹ ਵਿਚ ਰਹਿੰਦਿਆਂ ਹੀ ਐੱਮ.ਐੱਲ.ਏ. ਚੁਣੇ ਗਏ ਅਤੇ 17 ਸਾਲ ਤੱਕ ਲੋਕ ਸਭਾ ਤੇ ਰਾਜ ਸਭਾ ਵਿਚ ਕਿਰਤੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ | 1970 ਵਿਚ ਉਹ ਸੀਟੂ ਦੇ ਫਾਊਾਡਰ ਜਨਰਲ ਸਕੱਤਰ ਬਣੇ ਅਤੇ 1984 ਤੱਕ 14 ਸਾਲਾਂ ਲਈ ਇਸ ਜਥੇਬੰਦੀ ਦੀ ਅਗਵਾਈ ਕੀਤੀ | ਇਸ ਮੌਕੇ ਦੇਸ਼ ਭਰ ਵਿਚ ਸੀਟੂ ਦੇ ਝੰਡੇ ਲਹਿਰਾ ਕੇ ਕਾਮਰੇਡ ਪੀ. ਰਾਮਾਮੂਰਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਰੈਲੀਆਂ ਨੂੰ ਪੰਜਾਬ ਸੀਟੂ ਦੇ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਵਰਕਿੰਗ ਕਮੇਟੀ ਮੈਂਬਰ ਕਾਮਰੇਡ ਜਸਵੰਤ ਸਿੰਘ ਸੈਣੀ, ਸ਼ਰੇਆਂਸ਼ ਪੇਪਰ ਮਿੱਲ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਅਤੇ ਜਨਰਲ ਸਕੱਤਰ ਹਰੇ ਰਾਮ ਯਾਦਵ, ਸਵਰਾਜ ਮਾਜਦਾ ਵਰਕਰ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਅਤੇ ਜਨਰਲ ਸਕੱਤਰ ਅਤੁਲ ਕੁਮਾਰ ਅਤੇ ਕੰਟਰੈਕਟ ਡਰਾਈਵਰ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ ਅਤੇ ਪ੍ਰਧਾਨ ਸਾਥੀ ਸਰਬਜੀਤ ਸਿੰਘ ਨੇ ਵੀ ਸੰਬੋਧਨ ਕੀਤਾ |