ਯਮੁਨਾਨਗਰ, 23 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਸਾਬਕਾ ਪਿ੍ੰਸੀਪਲ ਡਾ. ਹਰਿੰਦਰ ਸਿੰਘ ਕੰਗ ਨੂੰ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਲਈ ਭੀਮ ਰਾਓ ਅੰਬੇਡਕਰ ਐਕਸੀਲੈਂਸ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਮਾਗਮ ਨਵੀਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਆਫ਼ ਇੰਡੀਆ ਦੇ ਸਪੀਕਰ ਹਾਲ ਵਿਖੇ ਅਚੀਵਰਜ਼ ਐਸੋਸੀਏਸ਼ਨ ਫਾਰ ਇਕਨਾਮਿਕ ਰਿਸਰਚ ਐਂਡ ਡਿਵੈਲਪਮੈਂਟ ਵਲੋਂ ਕਰਵਾਇਆ ਗਿਆ ਸੀ | ਇਹ ਪੁਰਸਕਾਰ ਨਾਗ ਮਨੀ ਸਾਬਕਾ ਰਾਜ ਮੰਤਰੀ (ਸਮਾਜਿਕ ਵਿਕਾਸ) ਅਤੇ ਸਾਬਕਾ ਕੇਂਦਰੀ ਰਾਜ ਮੰਤਰੀ (ਨਿਆਂ ਅਤੇ ਅਧਿਕਾਰ) ਵਲੋਂ ਪ੍ਰਦਾਨ ਕੀਤਾ ਗਿਆ ਹੈ | ਇਸ ਮੌਕੇ ਰਾਮ ਨਿਵਾਸ ਗੋਇਲ ਸਾਬਕਾ ਸਪੀਕਰ ਦਿੱਲੀ ਵਿਧਾਨ ਸਭਾ ਅਤੇ ਪ੍ਰੋ. ਕੇ. ਐਸ. ਰਾਣਾ ਸਾਬਕਾ ਵਾਈਸ ਚਾਂਸਲਰ ਤਕਨਾਲੋਜੀ ਯੂਨੀਵਰਸਿਟੀ ਜੈਪੁਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜ਼ਿਕਰਯੋਗ ਹੈ ਕਿ ਡਾ. ਕੰਗ ਨੇ ਆਪਣੇ ਲੰਬੇ ਕਰੀਅਰ ਦੌਰਾਨ ਉੱਚ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਅਕਾਦਮਿਕ ਗੁਣਵੱਤਾ ਵਿਚ ਸੁਧਾਰ ਕੀਤਾ ਹੈ ਤੇ ਅਨੁਸ਼ਾਸਨ ਅਤੇ ਸੰਸਥਾਗਤ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ | ਸਿੱਖਿਆ ਅਤੇ ਅਗਵਾਈ ਪ੍ਰਤੀ ਉਨ੍ਹਾਂ ਦੀ ਲਗਨ ਦੀ ਹਰ ਥਾਂ ਪ੍ਰਸ਼ੰਸਾ ਕੀਤੀ ਗਈ ਹੈ | ਇਸ ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖਿਆ, ਸਮਾਜ ਸੇਵਾ, ਪ੍ਰਸ਼ਾਸਨ ਅਤੇ ਹੋਰ ਖੇਤਰਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਕਈ ਚੁਣੀਆਂ ਹੋਈਆਂ ਅਤੇ ਪ੍ਰਸਿੱਧ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਡਾ. ਹਰਿੰਦਰ ਸਿੰਘ ਕੰਗ ਨੂੰ ਮਿਲਿਆ ਇਹ ਸਨਮਾਨ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਅਤੇ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ |