ਕਾਲਾਂਵਾਲੀ/ਸਿਰਸਾ, 25 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪੰਨੀਵਾਲਾ ਰੁਲਦੂ ਦੀ ਈ-20 ਗ੍ਰੀਨਫਿਊਲਜ਼ ਪ੍ਰਾਈਵੇਟ ਲਿਮਟਿਡ (ਈਥਾਨੌਲ ਪਲਾਂਟ) ਦੇ ਸਹਿਯੋਗ ਨਾਲ ਮੰਡੀ ਡੱਬਵਾਲੀ ਵਿੱਚ ਅਨਾਜ ਮੰਡੀ ਵਿੱਚ ਇੱਕ ਕਿਸਾਨ ਮੇਲਾ ਲਗਾਇਆ ਗਿਆ | ਇਸ ਕਿਸਾਨ ਮੇਲੇ ਵਿੱਚ ਈਥਾਨੌਲ ਪਲਾਂਟ ਵੱਲੋਂ ਕਿਸਾਨਾਂ ਨੂੰ ਮੱਕੀ ਦੀ ਖੇਤੀ ਦੀ ਕੰਟਰੈਕਟ ਫਾਰਮਿੰਗ ਦਾ ਸੱਦਾ ਦਿੱਤਾ ਗਿਆ | ਇਸ ਮੇਲੇ ਵਿੱਚ ਕੰਪਨੀ ਦੇ ਪ੍ਰਤੀਨਿਧੀਆਂ ਵਿਸ਼ਵਨਾਥ ਪ੍ਰਸਾਦ ਅਤੇ ਰੋਹਿਤ ਮਦਾਨ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਇਲਾਕੇ ਵਿੱਚ ਮੱਕੀ ਦੀ ਖੇਤੀ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਖੇਤਰ ਦੇ ਨੇੜਲੇ ਚਾਰ ਈਥਾਨੌਲ ਪਲਾਂਟਾਂ ਨੂੰ ਰੋਜ਼ਾਨਾ 3,000 ਤੋਂ 5,000 ਮੀਟਿ੍ਕ ਟਨ ਮੱਕੀ ਦੀ ਲੋੜ ਹੁੰਦੀ ਹੈ, ਜੋ ਕਿਸਾਨਾਂ ਲਈ ਉਹਨਾਂ ਦੇ ਆਪਣੇ ਖੇਤਰ ਵਿੱਚ ਇੱਕ ਵੱਡੀ ਮੰਡੀ ਬਣ ਸਕਦੀ ਹੈ | ਇਸ ਮੌਕੇ 'ਤੇ ਈ-20 ਗ੍ਰੀਨਫਿਊਲਜ਼ ਵੱਲੋਂ ਕਿਸਾਨਾਂ ਨੂੰ ਕੰਟਰੈਕਟ ਫਾਰਮਿੰਗ, ਤਕਨੀਕੀ ਸਹਾਇਤਾ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ | ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਗਈ |