ਜਲੰਧਰ, 31 ਮਈ (ਪਵਨ ਖਰਬੰਦਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਇਕ ਹੋਰ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ ਹੈ | ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਨਗਰ ਨਿਗਮ ਜਲੰਧਰ ਵਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਰਾਮਾ ਮੰਡੀ 'ਚ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹਿਆ ਗਿਆ | ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕÏਰ ਨੇ ਇਸ ਸੰਬੰਧੀ ਦੱਸਿਆ ਕਿ ਨਗਰ ਨਿਗਮ ਨੂੰ ਨਸ਼ਾ ਤਸਕਰਾਂ ਬੰਟੀ ਤੇ ਸ਼ੰਟੀ (ਦੋਵੇਂ ਭਰਾ) ਵਲੋਂ ਇਕ ਗੈਰ-ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ | ਇਨ੍ਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਦੇ ਕੇਸਾਂ ਸਮੇਤ 12 ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਸ਼ੰਟੀ ਮÏਜੂਦਾ ਸਮੇਂ ਜੇਲ੍ਹ ਵਿਚ ਬੰਦ ਹੈ, ਜਦ ਕਿ ਬੰਟੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ | ਸਹਾਇਕ ਪੁਲਿਸ ਕਮਿਸ਼ਨਰ ਜਲੰਧਰ ਕੈਂਟ ਬਬਨਦੀਪ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਤੇ ਪੁਲਿਸ ਟੀਮਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਨਾਜਾਇਜ਼ ਕਬਜ਼ੇ ਵਾਲੀ ਉਸਾਰੀ ਨੂੰ ਢਾਹ ਦਿੱਤਾ, ਜਿਸ ਨਾਲ ਇਕ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਵਿਚ ਨਸ਼ਿਆਂ ਨਾਲ ਸੰਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਰੋਪੀ ਆਦਤਨ ਅਪਰਾਧੀ ਹਨ, ਜਿਨ੍ਹਾਂ 'ਚੋਂ ਹਰੇਕ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ (ਐਨ. ਡੀ. ਪੀ. ਐਸ.) ਐਕਟ ਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ 6 ਮਾਮਲੇ ਦਰਜ ਹਨ |