ਜਲੰਧਰ, 1 ਜੂਨ (ਸ਼ਿਵ)-ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਗਿ੍ਫ਼ਤਾਰ ਕੀਤੀ ਗਈ ਨਗਰ ਨਿਗਮ ਦੀ ਮਹਿਲਾ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅੱਜ ਉਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਡਿਊਟੀ ਮੈਜਿਸਟਰੇਟ ਜੀ. ਐਮ. ਆਈ. ਸੀ. ਆਂਚਲ ਗੋਇਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ | ਵਿਜੀਲੈਂਸ ਬਿਊਰੋ ਨੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਰਮਨ ਅਰੋੜਾ ਮਾਮਲੇ 'ਚ ਇਕ ਬੇਕਰੀ ਵਾਲੇ ਵਲੋਂ ਉਕਤ ਬਿਲਡਿੰਗ ਇੰਸਪੈਕਟਰ ਨੂੰ ਪੈਸੇ ਦੇਣ ਦਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ | ਗਿ੍ਫ਼ਤਾਰ ਕਰਕੇ ਵਿਜੀਲੈਂਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ | ਚਾਹੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪਰ ਦੱਸਿਆ ਜਾਂਦਾ ਹੈ ਕਿ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੇ ਸਬੰਧ 'ਚ ਹੀ ਪੁੱਛਗਿੱਛ ਕੀਤੀ ਗਈ ਸੀ | ਇਸ ਤੋਂ ਪਹਿਲਾਂ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਗਿ੍ਫ਼ਤਾਰ ਕੀਤੇ ਗਏ ਨਿਗਮ ਦੀ ਬਿਲਡਿੰਗ ਵਿਭਾਗ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦਾ ਵੀ ਕੁੱਝ ਦਿਨ ਪਹਿਲਾਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਲੋਂ ਉਸ ਨੂੰ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਸੀ |