ਜਲੰਧਰ, 2 ਸਤੰਬਰ (ਸ਼ਿਵ)-ਐਤਵਾਰ ਰਾਤ ਬਿਜਲੀ ਬੰਦ ਹੋਣ ਕਰਕੇ ਫੋਲੜੀਵਾਲ ਟਰੀਟਮੈਂਟ ਪਲਾਂਟ ਨਾ ਚੱਲਣ ਕਰਕੇ ਸ਼ਹਿਰ ਵਿਚ ਪਾਣੀ ਭਰ ਗਿਆ ਸੀ ਤਾਂ ਉਸ ਤੋਂ ਸਬਕ ਲੈਂਦੇ ਹੋਏ ਹੁਣ ਫੋਲੜੀਵਾਲ ਟਰੀਟਮੈਂਟ ਪਲਾਂਟ ਦੀ ਹਾਟ ਲਾਈਨ ਦਰੁਸਤ ਹੋਣ ਤੋਂ ਬਾਅਦ ਇਸ ਨੂੰ ਸਹੀ ਹਾਲਤ ਵਿਚ ਰੱਖਣ ਲਈ ਸਖ਼ਤ ਹਦਾਇਤ ਦਿੱਤੀ ਗਈ ਹੈ ਸਗੋਂ ਹੋਰ ਇਲਾਕਿਆਂ ਵਿਚ ਪਾਣੀ ਭਰਨ ਨੂੰ ਰੋਕਣ ਲਈ ਅੱਜ ਵੀ ਮੇਅਰ ਵਨੀਤ ਧੀਰ ਨੇ ਕਈ ਬੰਦ ਪਏ ਡਿਸਪੋਜ਼ਲ ਵੀ ਚਲਵਾ ਦਿੱਤੇ ਹਨ ਤਾਂ ਜੋ ਜਲਦੀ ਪਾਣੀ ਨਿਕਾਸੀ ਹੋ ਸਕੇ। ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਵਿਚ ਅੱਜ ਨਿਗਮ ਅਫ਼ਸਰਾਂ ਵੱਲੋਂ ਕਈ ਡਿਸਪੋਜਲਾਂ, ਟਰੀਟਮੈਂਟਾਂ ਪਲਾਂਟ ਦਾ ਦੌਰਾ ਕਰਕੇ ਉਸ ਦਾ ਕੰਮਕਾਜ ਦੇਖ ਕੇ ਹੋਰ ਵੀ ਹਦਾਇਤਾਂ ਦਿੱਤੀਆਂ। ਮੇਅਰ ਵਨੀਤ ਧੀਰ ਅੱਜ ਬਸਤੀ ਪੀਰ ਦਾਦ ਦਾ ਟਰੀਟਮੈਂਟ ਪਲਾਂਟ ਅਤੇ 120 ਫੁੱਟੀ ਰੋਡ ਦੇ ਡਿਸਪੋਜ਼ਲ ਦਾ ਪ੍ਰਾਜੈਕਟ ਦਾ ਜਾਇਜ਼ਾ ਲੈਣ ਤੋਂ ਬਾਅਦ ਉਨਾਂ ਨੇ ਕਈ ਦਿਨਾਂ ਤੋਂ ਬੰਦ ਆਗਿਆ ਸਿੰਘ ਪਾਰਕ ਦੇ ਡਿਸਪੋਜ਼ਲ ਨੂੰ ਵੀ ਚਲਵਾ ਦਿੱਤਾ ਤਾਂ ਜੋ ਪਾਣੀ ਨਿਕਾਸੀ ਸੰਭਵ ਹੋ ਸਕੇ। ਇਸ ਤੋਂ ਇਲਾਵਾ ਉਨਾਂ ਨੇ ਟਰਾਂਸਪੋਰਟ ਨਗਰ ਵਿਚ ਡਿਸਪੋਜ਼ਲ ਦੀ ਇੱਕ ਬੰਦ ਪਈ ਮੋਟਰ ਵੀ ਚਲਵਾ ਦਿੱਤੀ ਤਾਂ ਜੋ ਇਸ ਇਲਾਕੇ ਤੋਂ ਪਾਣੀ ਨਿਕਾਸੀ ਹੋ ਸਕੇ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਫੋਲੜੀਵਾਲ ਟਰੀਟਮੈਂਟ ਪਲਾਂਟ ਤੋਂ ਹੁਣ ਸਹੀ ਤਰੀਕੇ ਨਾਲ ਪਾਣੀ ਨਿਕਾਸੀ ਹੋ ਰਹੀ ਹੈ। ਬਿਜਲੀ ਬੰਦ ਹੋਣ ਕਰਕੇ ਇਹ ਪਲਾਂਟ ਬੰਦ ਹੋਇਆ ਸੀ। ਉਨਾਂ ਕਿਹਾ ਕਿ ਉਨਾਂ ਦੇ ਮੰਤਵ ਕਿ ਭਾਰੀ ਬਾਰਸ਼ ਦੌਰਾਨ ਪਾਣੀ ਨਿਕਾਸੀ ਲਈ ਹਰ ਹਾਲਤ ਵਿਚ ਟਰੀਟਮੈਂਟ ਪਲਾਂਟ ਅਤੇ ਡਿਸਪੋਜਲਾਂ ਨੂੰ ਚੱਲਦਾ ਯਕੀਨੀ ਬਣਾਇਆ ਜਾਵੇਗਾ। ਉਧਰ ਮੇਅਰ ਵਨੀਤ ਧੀਰ ਨੇ ਇਲਾਕਾ ਕੌਂਸਲਰ ਮਿੰਟੂ ਜੁਨੇਜਾ ਦੀ ਮੰਗ 'ਤੇ ਸੁਭਾਨਾ ਅੰਡਰ ਪਾਥ ਵਿਚ ਪਾਣੀ ਕੱਢਣ ਲਈ ਕਈ ਮਸ਼ੀਨਾਂ ਲਗਵਾ ਦਿੱਤੀਆਂ ਪਰ ਅਜੇ ਵੀ ਇਸ ਥਾਂ ਤੇ ਕਾਫੀ ਪਾਣੀ ਹੈ। ਨਿਗਮ ਵੱਲੋਂ ਸ਼ਹਿਰ ਵਿਚ ਪਾਣੀ ਨਿਕਾਸੀ ਲਈ ਹੁਣ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਲਗਾਤਾਰ ਪੈ ਰਹੇ ਮੀਂਹ ਕਰਕੇ ਵੀ ਨਿਗਮ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਵੀ ਕਈ ਥਾਵਾਂ ਜਿਨਾਂ ਵਿਚ ਲੰਬਾ ਪਿੰਡ, ਦਮੋਰੀਆ ਪੁਲ, ਇਕਹਿਰੀ ਪੁਲੀ ਤੇ ਹੋਰ ਥਾਵਾਂ 'ਤੇ ਪਾਣੀ ਇਸ ਕਰਕੇ ਖੜ੍ਹਾ ਹੋ ਰਿਹਾ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ। ਮੇਅਰ ਨੇ ਇਸ ਤੋਂ ਇਲਾਵਾ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਪੁਲੀ ਨੂੰ ਨੁਕਸਾਨ ਹੋਣ ਬਾਰੇ ਵੀ ਕੌਂਸਲਰ ਪਤੀ ਜਤਿੰਦਰ ਜਿੰਦ ਦੀ ਬੇਨਤੀ 'ਤੇ ਮੌਕਾ ਦੇਖਿਆ ਤੇ ਉਸ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ।
ਮੇਅਰ ਨੇ ਪਾਣੀ ਨਿਕਾਸੀ ਲਈ ਆਗਿਆ ਸਿੰਘ ਪਾਰਕ ਡਿਸਪੋਜ਼ਲ ਤੇ ਟਰਾਂਸਪੋਰਟ ਨਗਰ ਦੀ ਮੋਟਰ ਕਰਵਾਈ ਚਾਲੂ
ਅਜੀਤ ਡੈਸਕ
03-09-2025