ਜਲੰਧਰ, 3 ਸਤੰਬਰ (ਐੱਮ. ਐੱਸ. ਲੋਹੀਆ) - ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਨੇ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰਨ ਲਈ 'ਸਪਰੀ-2025' ਸਕੀਮ ਸ਼ੁਰੂ ਕੀਤੀ ਹੈ, ਜੋ ਕਿ 1 ਜੁਲਾਈ ਤੋਂ 31 ਦਸੰਬਰ, 2025 ਤੱਕ ਲਾਗੂ ਰਹੇਗੀ | ਈ.ਐਸ.ਆਈ. ਉਪ-ਖੇਤਰੀ ਦਫ਼ਤਰ, ਜਲੰਧਰ ਦੇ ਸੰਯੁਕਤ ਨਿਰਦੇਸ਼ਕ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੱਤੀ ਕਿ ਇਹ ਸਕੀਮ ਗ਼ੈਰ-ਰਜਿਸਟਰਡ ਮਾਲਕਾਂ ਅਤੇ ਕਰਮਚਾਰੀਆਂ ਨੂੰ ਕਵਰ ਕਰੇਗੀ, ਜਿਸ 'ਚ ਠੇਕੇ 'ਤੇ ਕੰਮ ਕਰਨ ਵਾਲੇ ਅਤੇ ਅਸਥਾਈ ਕਰਮਚਾਰੀ ਵੀ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਜੁਲਾਈ ਤੋਂ ਅਗਸਤ ਤੱਕ ਦੀ ਮਿਆਦ ਦੌਰਾਨ, ਉਪ-ਖੇਤਰੀ ਦਫ਼ਤਰ, ਜਲੰਧਰ ਅਧੀਨ ਸਾਰੇ ਸ਼ਾਖਾ ਦਫ਼ਤਰਾਂ ਦੁਆਰਾ ਕਈ ਜਾਗਰੂਕਤਾ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ 'ਚ ਮਾਲਕਾਂ, ਮਾਲਕ ਐਸੋਸੀਏਸ਼ਨਾਂ ਅਤੇ ਬੀਮਾਯੁਕਤ ਵਿਅਕਤੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਇਸ ਸਮੇਂ ਦੌਰਾਨ, 395 ਮਾਲਕਾਂ ਨੇ 'ਸਪਰੀ' ਦੇ ਅਧੀਨ ਰਜਿਸਟ੍ਰੇਸ਼ਨ ਲਈ ਅਤੇ 23261 ਕਰਮਚਾਰੀਆਂ ਨੂੰ ਰਜਿਸਟਰ ਕਰਕੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ | ਇਨ੍ਹਾਂ ਜਾਗਰੂਕਤਾ ਕੈਂਪਾਂ 'ਚ, ਮਾਲਕਾਂ ਅਤੇ ਮਾਲਕ ਐਸੋਸੀਏਸ਼ਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਈ.ਐਸ.ਆਈ.ਸੀ. ਪੋਰਟਲ, ਸ਼੍ਰਮ ਸੁਵਿਧਾ ਅਤੇ ਐਮ.ਸੀ.ਏ. ਪੋਰਟਲ ਰਾਹੀਂ ਆਪਣੀਆਂ ਇਕਾਈਆਂ ਨੂੰ ਡਿਜੀਟਲ ਰੂਪ 'ਚ ਰਜਿਸਟਰ ਕਰ ਸਕਦੇ ਹਨ | ਇਹ ਵੀ ਦੱਸਿਆ ਗਿਆ ਕਿ ਰਜਿਸਟ੍ਰੇਸ਼ਨ ਮਾਲਕ ਦੁਆਰਾ ਘੋਸ਼ਿਤ ਮਿਤੀ ਤੋਂ ਵੈਧ ਮੰਨੀ ਜਾਵੇਗੀ | ਰਜਿਸਟ੍ਰੇਸ਼ਨ ਤੋਂ ਪਹਿਲਾਂ ਦੀ ਮਿਆਦ ਲਈ ਕੋਈ ਯੋਗਦਾਨ ਜਾਂ ਲਾਭ ਲਾਗੂ ਨਹੀਂ ਹੋਵੇਗਾ | ਪ੍ਰੀ-ਰਜਿਸਟ੍ਰੇਸ਼ਨ ਮਿਆਦ ਦਾ ਕੋਈ ਨਿਰੀਖਣ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪਿਛਲੇ ਰਿਕਾਰਡਾਂ ਦੀ ਮੰਗ ਕੀਤੀ ਜਾਵੇਗੀ | ਸ੍ਰੀ ਯਾਦਵ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾ ਕੇ ਅਤੇ ਪਿਛਲੀਆਂ ਦੇਣਦਾਰੀਆਂ ਤੋਂ ਛੋਟ ਪ੍ਰਦਾਨ ਕਰਕੇ, ਇਹ ਯੋਜਨਾ ਨਾ ਸਿਰਫ਼ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਨਿਯਮਤ ਕਰਨ ਲਈ ਉਤਸ਼ਾਹਿਤ ਕਰਦੀ ਹੈ, ਸਗੋਂ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਵੱਧ ਤੋਂ ਵੱਧ ਕਾਮੇ, ਖ਼ਾਸ ਕਰਕੇ ਠੇਕੇ ਦੇ ਖੇਤਰਾਂ 'ਚ ਕੰਮ ਕਰਨ ਵਾਲੇ, ਈ.ਐਸ.ਆਈ. ਐਕਟ ਦੇ ਤਹਿਤ ਜ਼ਰੂਰੀ ਸਿਹਤ ਅਤੇ ਸਮਾਜਿਕ ਲਾਭ ਪ੍ਰਾਪਤ ਕਰਨ | ਉਨ੍ਹਾਂ ਇਸ ਸਕੀਮ ਤੋਂ ਅਣਜਾਣ ਮਾਲਕਾਂ ਨੂੰ ਦੁਬਾਰਾ ਇਸ ਯੋਜਨਾ ਦਾ ਲਾਭ ਲੈਣ ਅਤੇ ਈ.ਐਸ.ਆਈ. 'ਚ ਰਜਿਸਟਰ ਹੋਣ ਲਈ ਕਿਹਾ |