ਲੋਹੀਆਂ ਖਾਸ (ਜਲੰਧਰ), 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਦੇ ਲੋਕ ਅਤੇ ਵਿਸੇਸ਼ ਕਰਕੇ ਸ਼ਾਹਕੋਟ ਸਮੁੱਚੇ ਹਲਕੇ ਦੇ ਲੋਕ ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਵੱਲੋਂ ਪੰਜਾਬ 'ਚ ਚਲਦੀ ਹੜ੍ਹਾਂ ਦੀ ਵੱਡੀ ਆਫ਼ਤ ਮੌਕੇ ਬੰਨਾਂ ਦੀ ਰਾਖੀ ਅਤੇ ਮੁਰੰਮਤ ਕਰਦੇ ਹੋਏ ਮਿਲਕੇ ਹੰਭਲਾ ਮਾਰਿਆ ਅਤੇ ਹੁਣ ਤੱਕ ਇਲਾਕੇ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਿੰਡ ਮਿਆਣੀ ਅਤੇ ਗੱਟਾ ਮੁੰਡੀ ਕਾਸੂ ਦੇ ਬੰਨਾਂ ਦਾ ਦੌਰਾ ਕਰਨ ਮੌਕੇ ਕੀਤਾ | ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਪ੍ਰਧਾਨ ਜਿਲ੍ਹਾ ਕਾਂਗਰਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਕੋਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕਾਰਜ ਨਹੀਂ ਹੋਣੇ ਅਸੀਂ ਆਪਣੀ ਸਰਕਾਰ ਆਉਣ 'ਤੇ ਹੜ੍ਹਾਂ ਦਾ ਪੱਕਾ ਹੱਲ ਕਰਾਂਗੇ | ਇਸ ਮੌਕੇ ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾ, ਲੋਹੀਆਂ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਗੁਰਮੁੱਖ ਸਿੰਘ ਢਿੱਲੋਂ, ਪੀ.ਏ. ਸੋਨੂੰ ਕੰਗ, ਪੀ.ਏ. ਗੁਰਵਿੰਦਰ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਕਿਸਾਨ ਵੀ ਹਾਜਰ ਸਨ |