ਸੋਢਲ ਮੇਲੇ ਵਿਚ ਪਲਾਸਟਿਕ ਤੇ ਥਰਮੋਕੋਲ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਿਹਾ ਨਿਗਮ
ਅਜੀਤ ਡੈਸਕ
06-09-2025
ਜਲੰਧਰ, 5 ਸਤੰਬਰ (ਸ਼ਿਵ)-ਨਗਰ ਨਿਗਮ ਦੇ ਸੈਨੀਟੇਸ਼ਨ ਬਰਾਂਚ ਵਲੋਂ ਕਈ ਸਾਲਾਂ ਤੋਂ ਉਤਰੀ ਖੇਤਰ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਮੁੁਹਿੰਮ ਹੁਣ ਕਾਫੀ ਹੱਦ ਤੱਕ ਸਫਲ ਹੁੰਦੀ ਨਜਰ ਆ ਰਹੀ ਹੈ | ਕਾਫੀ ਸਮਾਂ ਪਹਿਲਾਂ ਨਿਗਮ ਦੀ ਸਾਬਕਾ ਜੁਆਇੰਟ ਕਮਿਸ਼ਨਰ ਆਈ.ਏ.ਐੱਸ. ਆਸ਼ਿਕਾ ਜੈਨ ਨੇ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਦੀ ਮੁਹਿੰਮ ਚਲਾਈ ਸੀ ਤਾਂ ਇਸ ਕਰਕੇ ਇਸ ਵਾਰ ਮੇਲੇ ਵਿਚ 80 ਫੀਸਦੀ ਤੋਂ ਜਿਆਦਾ ਪਲਾਸਟਿਕ ਦੀ ਵਰਤੋਂ ਨਹੀਂ ਹੋਵੇਗੀ | ਨਿਗਮ ਦੇ ਸੈਨੀਟੇਸ਼ਨ ਬਰਾਂਚ ਵਲੋਂ ਮੇਲੇ ਵਿਚ ਬੀਤੇ ਦਿਨੀਂ ਹੀ ਵਾਤਾਵਰਨ ਲਈ ਯੋਗ ਸਮਾਨ ਰੱਖ ਕੇ ਲੰਗਰ ਕਮੇਟੀਆਂ, ਲੋਕਾਂ ਨੂੰ ਜਾਗਰੂਕ ਕੀਤਾ ਸੀ ਕਿ ਉਹ ਮੇਲੇ ਵਿਚ ਪਲਾਸਟਿਕ ਅਤੇ ਥਰਮੋਕੋਲ ਦੇ ਬਣੇ ਸਮਾਨ ਦੀ ਜ਼ਿਆਦਾ ਵਰਤੋਂ ਨਾ ਕਰਨ ਤਾਂ ਜੋ ਮੇਲੇ ਵਿਚ ਪ੍ਰਦੂਸ਼ਣ ਨਾ ਫੈਲ ਸਕੇ | ਨਿਗਮ ਦੀ ਮੁਹਿੰਮ ਦਾ ਅਸਰ ਕੁਝ ਸਾਲ ਪਹਿਲਾਂ ਹੀ ਨਜਰ ਆਉਣ ਲੱਗ ਪਿਆ ਸੀ ਕਿ ਪਹਿਲਾਂ ਤਾਂ ਮੇਲੇ ਵਿਚ 6 ਤੋਂ 7 ਟਰਾਲੀਆਂ ਪਲਾਸਟਿਕ ਅਤੇ ਥਰਮੋਕੋਲ ਦੇ ਭਰੇ ਸਮਾਨ ਨਾਲ ਨਿਕਲਦੀਆਂ ਸੀ ਤਾਂ ਪਿਛਲੇ ਸਾਲ ਇਨਾਂ ਦੀ ਗਿਣਤੀ ਘੱਟ ਕੇ 2 ਤੋਂ 3 ਟਰਾਲੀਆਂ ਹੀ ਰਹਿ ਗਈ ਸੀ |
ਨਿਗਮ ਦੇ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਮੇਲੇ ਦੀ ਲੰਗਰ ਕਮੇਟੀ ਤੇ ਹੋਰ ਲੋਕ ਗਿਮ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਤੇ ਇਸ ਵਾਰ ਲੰਗਰ ਕਮੇਟੀ ਵਲੋਂ ਸਟੀਲ ਦੀਆਂ 2000 ਥਾਲੀਆਂ ਲਿਆਂਦੀਆਂ ਗਈਆਂ ਹਨ ਜਿਨ੍ਹਾਂ 'ਚ ਲੰਗਰ ਵਰਤਾਇਆ ਜਾਵੇਗਾ | ਉਨਾਂ ਦੱਸਿਆ ਕਿ ਉਂਜ ਵੀ ਪਲਾਸਟਿਕ ਅਤੇ ਥਰਮੋਕੋਲ ਦੇ ਸਮਾਨ ਦੀ ਵਰਤੋਂ ਨੂੰ ਲੈ ਕੇ ਨਿਗਮ ਕਾਫੀ ਸਖਤ ਹੈ ਤੇ ਜੇਕਰ ਇਸ ਦੀ ਵਰਤੋਂ ਕੀਤੀ ਗਈ ਤਾਂ ਨਿਗਮ ਦੀਆਂ ਟੀਮਾਂ ਇਸ ਦੇ ਚਲਾਨ ਕੱਟ ਦੇਣਗੀਆਂ | ਸਫਾਈ ਦੇ ਮਾਮਲੇ ਕੀਤੇ ਗਏ ਪ੍ਰਬੰਧਾਂ ਬਾਰੇ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਮੇਲੇ ਵਿਚ 24 ਘੰਟੇ ਸਫਾਈ ਲਈ 150 ਤੋਂ ਲੈ ਕੇ 200 ਸਫਾਈ ਸੇਵਕ ਲਗਾਏ ਗਏ ਹਨ |