ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਘਟਣਾ ਲਗਾਤਾਰ ਜਾਰੀ ਹੈ ਪਰ ਪਾਣੀ ਦੀ ਰਫਤਾਰ ਹੌਲੀ ਹੋਣ ਕਾਰਨ ਅਜੇ ਵੀ ਵੇਈਾ ਦੇ ਨਾਲ ਲੱਗਦੇ ਖੇਤਰਾਂ 'ਚ ਫਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ | ਇਸੇ ਤਰ੍ਹਾਂ ਪੁਲ ਦੇ ਉੱਪਰੋਂ ਦੀ ਪਾਣੀ ਵਹਿਣ ਕਾਰਨ ਅੱਜ ਹਫਤੇ ਬਾਅਦ ਵੀ ਕੁੱਕੜ ਪਿੰਡ ਤੇ ਹਰਦੋ ਫਰਾਲਾ ਵਿਚਕਾਰ ਬਣੇ ਪੁਲ 'ਤੇ ਆਵਾਜਾਈ ਸ਼ੁਰੂ ਨਹੀਂ ਹੋ ਸਕੀ | ਜਿਸ ਕਾਰਨ ਇਨ੍ਹਾਂ ਪਿੰਡਾਂ ਦਾ ਆਪਸ ਟੁੱਟਿਆ ਸੰਪਰਕ ਅਜੇ ਤੱਕ ਬਹਾਲ ਨਹੀਂ ਹੋ ਸਕਿਆ ਤੇ ਲੋਕਾਂ ਲੋਕਾਂ ਨੂੰ ਆਉਣ-ਜਾਣ ਲਈ ਕਈ ਕਿੱਲੋਮੀਟਰ ਦੂਰ ਦਾ ਸਫਰ ਤੈਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਵੇਈਾ 'ਚ ਪਾਣੀ ਦਾ ਪੱਧਰ ਪਿਛਲੇ ਦਿਨਾਂ ਨਾਲੋਂ ਤਿੰਨ ਤੋਂ ਚਾਰ ਫੁੱਟ ਤੱਕ ਘਟਿਆ ਹੈ ਪਰ ਅਜੇ ਵੀ ਨੀਵੇਂ ਖੇਤਰਾਂ 'ਚ ਪਾਣੀ ਭਰਿਆ ਹੋਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ | ਦੱਸਣਯੋਗ ਹੈ ਕਿ ਵੇਈਾ 'ਚ ਹੜ੍ਹ ਆਉਣ ਕਾਰਨ ਨਾਲ ਲੱਗਦੇ ਪਿੰਡਾਂ ਸੇਮੀ, ਖਜੂਰਲਾ, ਮਹੇੜੂ, ਕੋਟ ਖੁਰਦ, ਕੁੱਕੜ ਪਿੰਡ, ਹਰਦੋ ਫਰਾਲਾ, ਚਾਚੋਵਾਲ, ਦੀਵਾਲੀ, ਜੰਡਿਆਲੀ ਤੇ ਬੰਬੀਆਂਵਾਲ ਆਦਿ ਪਿੰਡਾਂ 'ਚ ਫਸਲਾਂ ਕਈ-ਕਈ ਫੁੱਟ ਡੂੰਘੇ ਪਾਣੀ 'ਚ ਡੁੱਬ ਗਈਆਂ ਸਨ ਤੇ ਅੱਜ ਤਕਰੀਬਨ ਚੌਥੇ-ਪੰਜਵੇਂ ਦਿਨ ਜਾ ਕੇ ਪਾਣੀ ਘਟਣਾ ਸ਼ੁਰੂ ਹੋਇਆ ਹੈ | ਇਸ ਸੰਬੰਧੀ ਗੱਲ ਕਰਦਿਆਂ ਪਿੰਡ ਬੰਬੀਆਂਵਾਲ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ ਨੇ ਦੱਸਿਆ ਕਿ ਬੇਸ਼ੱਕ ਉੱਚੇ ਖੇਤਾਂ ਵਿਚੋਂ ਪਾਣੀ ਉਤਰ ਗਿਆ ਹੈ ਪਰ ਅਜੇ ਵੀ ਨੀਵੇਂ ਖੇਤਾਂ 'ਚ ਪਾਣੀ ਭਰਿਆ ਹੋਇਆ ਹੈ ਤੇ ਪਿਛਲੇ ਚਾਰ-ਪੰਜ ਦਿਨਾਂ ਤੋਂ ਪਾਣੀ ਭਰਨ ਨਾਲ ਫਸਲਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਜਿਨਾਂ ਖੇਤਾਂ 'ਚੋਂ ਪਾਣੀ ਨਿਕਲ ਵੀ ਗਿਆ ਹੈ, ਉੱਥੇ ਵੀ ਫਸਲ ਨਿੱਸਰੀ ਹੋਣ ਕਾਰਨ ਝੋਨੇ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕੀਤੀ ਜਾਣੀ ਬੇਹੱਦ ਮੁਸ਼ਕਿਲ ਹੈ | ਓਧਰ ਇਨ੍ਹਾਂ ਪਿੰਡਾਂ 'ਚ ਪਿਛਲੇ ਦਿਨੀਂ ਲਗਾਤਾਰ ਪਈ ਬਾਰਿਸ਼ ਨਾਲ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਕਈ ਲੋਕਾਂ ਦੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਤੇ ਕਈ ਡਿੱਗ ਪਏ ਹਨ | ਹਾਲਾਂਕਿ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋਂ ਪਿੰਡਾਂ 'ਚ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕਿਸੇ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਇਸੇ ਤਰ੍ਹਾਂ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਨੇ ਵੀ ਕਿਹਾ ਕਿ ਮੀਂਹ 'ਤੇ ਹੜ੍ਹਾਂ ਨਾਲ ਇਲਾਕੇ 'ਚ ਕਿਸਾਨਾਂ ਤੇ ਆਮ ਲੋਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ ਤੇ ਅਜੇ ਵੀ ਬਹੁਤੀਆਂ ਫਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਆਮ ਵਾਂਗ ਹੋਣ ਲਈ ਅਜੇ ਹੋਰ ਕਈ ਦਿਨ ਲੱਗ ਸਕਦੇ ਹਨ | ਉਨ੍ਹਾਂ ਕਿਹਾ ਕਿ ਜਦ ਤੱਕ ਪਾਣੀ ਦਾ ਪੱਧਰ ਨਹੀਂ ਘਟਦਾ, ਤਦ ਤੱਕ ਹਰਦੋ ਫਰਾਲਾ ਤੇ ਕੁੱਕੜ ਪਿੰਡ ਵਿਚਕਾਰ ਠੱਪ ਹੋਈ ਆਵਾਜਾਈ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ |