ਜੰਡਿਆਲਾ ਮੰਜਕੀ, 5 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਗੌਰਮਿੰਟ ਟੀਚਰਜ ਯੂਨੀਅਨ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸਬੰਧੀ ਪ੍ਰੈੱਸ ਸਕੱਤਰ ਵੇਦ ਰਾਜ ਗੜਾ ਅਤੇ ਪਸਸਫ ਦੇ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਅੰਦਰ ਆਏ ਹੜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੋਂ ਹੜਾਂ ਨੂੰ ਜਲਦੀ ਕੁਦਰਤੀ ਆਫਤ ਐਲਾਨ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਣਦੀ ਮੱਦਦ ਦੀ ਅਪੀਲ ਕੀਤੀ | ਜਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਜਿਲਾ ਕਮੇਟੀ ਵੱਲੋਂ ਹੜ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ | ਕਮੇਟੀ ਵੱਲੋਂ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਹਿਸਾਬ ਕਿਤਾਬ ਰੱਖਿਆ ਜਾਵੇਗਾ | ਮੀਟਿੰਗ ਦੀ ਕਾਰਵਾਈ ਚਲਾਉਂਦੇ ਜਿਲਾ ਸਕੱਤਰ ਸੁਖਵਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਅਕਤੂਬਰ ਵਿੱਚ ਕੀਤੀ ਜਾ ਰਹੀ ਜਿਲਾ ਪੱਧਰੀ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਅਤੇ ਨਾਲ ਹੀ ਨਵੰਬਰ ਮਹੀਨੇ ਜਲੰਧਰ ਵਿਖੇ ਹੋ ਰਹੀ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੀ ਜਨਰਲ ਕੌਂਸਲ ਲਈ ਬਲਾਕਾਂ ਅੰਦਰ ਮੀਟਿੰਗਾਂ ਕਰਕੇ ਪੋਸਟਰ ਮੁਹਿੰਮ ਅਤੇ ਉਗਰਾਹੀ ਸਬੰਧੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ |