ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)-ਪੰਜਾਬੀ ਹਿੰਦੂ ਗਰੁੱਪ ਵਲੋਂ ਚੇਅਰਮੈਨ ਮਹੰਤ ਰਵੀ ਕਾਂਤ ਮੁਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਣਪਛਾਤੇ ਪ੍ਰਵਾਸੀਆਂ ਅਤੇ ਸ਼ੱਕੀ ਘੁਸਪੈਠੀਆਂ ਦੀ ਪੰਜਾਬ 'ਚ ਵੱਧ ਰਹੀ ਆਮਦ ਨੂੰ ਲੈ ਕੇ 'ਅਨ-ਆਈਡਨਟੀਫ਼ਾਈ ਪੀਪਲ ਵੈਰੀਫਿਕੇਸ਼ਨ ਡਰਾਈਵ' ਮੁਹਿੰਮ ਤਹਿਤ ਅੱਜ ਗਰੁੱਪ ਦੇ ਜ਼ਿਲ੍ਹਾ ਉਪ-ਸੰਯੋਜਕ ਅਤੇ ਦੁਸਹਿਰਾ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਰਾਹੁਲ ਪੰਡਿਤ, ਸੰਯੋਜਕ ਪਰਵਿੰਦਰ ਕੁਮਾਰ ਭਿੰਦਾ ਮੈਸਨ ਅਤੇ ਤਹਿਸੀਲ ਇੰਚਾਰਜ ਰੱਜਤ ਜੈਨ ਵਲੋਂ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿੱਚ ਡੀ.ਜੀ.ਪੀ ਪੰਜਾਬ, ਮਾਨਯੋਗ ਹਾਈਕੋਰਟ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਭਾਰਤੀ ਕਾਨੂੰਨਾਂ ਦਾ ਹਵਾਲਾ ਦੇ ਕੇ ਬੰਗਲਾ ਦੇਸ਼ੀਆਂ, ਰੋਹਿੰਗਿਆ ਅਤੇ ਹੋਰ ਅਣਪਛਾਤੇ ਸ਼ੱਕੀ ਲੋਕਾਂ ਦੀ ਵੈਰੀਫਿਕੇਸ਼ਨ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਰਾਹੁਲ ਪੰਡਿਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ | ਪੰਜਾਬ ਨੇ ਸਦੀਆਂ ਤੋਂ ਢਾਲ ਬਣ ਕੇ ਭਾਰਤ ਦੀ ਰੱਖਿਆ ਕੀਤੀ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ੀ ਸਾਜਿਸ਼ਾਂ ਕਰਕੇ ਪੰਜਾਬ ਨੇ ਕਈ ਦਹਾਕਿਆਂ ਤੱਕ ਅੱਤਵਾਦ ਝੱਲਿਆ ਹੈ, ਜਿਸ ਵਿੱਚ ਹਜ਼ਾਰਾਂ ਬੇਕਸੂਰ ਪੰਜਾਬੀ ਹਿੰਦੂਆਂ ਦੇ ਕਤਲ ਹੋਏ ਅਤੇ ਪੰਜਾਬ ਦੀ ਸ਼ਾਂਤੀ ਲਈ ਹਜ਼ਾਰਾਂ ਆਰਮਡ ਫੋਰਸਾਂ, ਪੰਜਾਬ ਪੁਲਿਸ ਕਰਮੀਆਂ, ਰਾਜਨੀਤਿਕ ਸ਼ਖ਼ਸੀਅਤਾਂ ਦੇ ਬਲਿਦਾਨ ਹੋਏ | ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪ੍ਰਾਪਤ ਸੂਚਨਾਵਾਂ ਮੁਤਾਬਕ ਸ਼ੱਕੀ ਲੋਕ ਸ਼ੁੱਕਰਵਾਰ ਨੂੰ ਕਿਸੇ ਨਿਸ਼ਚਿਤ ਥਾਂ 'ਤੇ ਵੱਡੀ ਗਿਣਤੀ 'ਚ ਇਕੱਠੇ ਹੁੰਦੇ ਹਨ, ਜਿਥੇ ਕੁੱਝ ਲੋਕ ਹੁੱਲੜਬਾਜ਼ੀ ਕਰਕੇ ਸਥਾਨਕ ਔਰਤਾਂ ਨਾਲ ਛੇੜਛਾੜ ਕਰਦੇ ਹਨ, ਬੇਤਰਤੀਬ ਵਹੀਕਲ ਖੜ੍ਹੇ ਕਰਦੇ ਹਨ ਅਤੇ ਇਤਰਾਜ਼ ਕਰਨ 'ਤੇ ਸਥਾਨਕ ਹਿੰਦੂ-ਸਿੱਖ ਲੋਕਾਂ ਨੂੰ ਡਰਾਉਂਦੇ ਹਨ, ਜਿੰਨ੍ਹਾਂ ਦੀ ਕੋਈ ਪਹਿਚਾਣ ਨਹੀਂ ਹੁੰਦੀ ਕਿ ਉਹ ਕਿਥੋਂ ਅਤੇ ਕਿਸ ਮੰਤਵ ਲਈ ਪੰਜਾਬ ਆਏ ਹਨ | ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਬੰਗਲਾ ਦੇਸ਼ੀ, ਰੋਹਿੰਗਿਆ ਘੁਸਪੈਠੀਏ ਹਨ ਜਾਂ ਕੋਈ ਹੋਰ | ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਅਤੇ ਖਾਸਕਰ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬੀ ਹਿੰਦੂ ਗਰੁੱਪ ਵਲੋਂ ਥਾਣਾ ਪੱਧਰ 'ਤੇ ਅੱਜ ਇਸ ਪੱਤਰ ਰਾਹੀਂ ਆਉਣ ਵਾਲੇ ਸ਼ੁੱਕਰਵਾਰ ਨੂੰ ਇਕੱਠੇ ਹੋਣ ਵਾਲੇ ਅਣਪਛਾਤੇ ਸ਼ੱਕੀ ਲੋਕਾਂ ਦੀ ਵੈਰੀਫਿਕੇਸ਼ਨ ਲਈ ਮੰਗ ਪੱਤਰ ਦਿੱਤਾ ਗਿਆ ਹੈ | ਜੇਕਰ ਆਉਂਦੇ ਸ਼ੁੱਕਰਵਾਰ ਨੂੰ ਲੋਕਲ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸੋਮਵਾਰ/ਮੰਗਲਵਾਰ ਨੂੰ ਪੰਜਾਬ ਦੇ ਹਰ ਇਲਾਕੇ ਦੇ ਡੀ.ਐੱਸ.ਪੀ ਜਾਂ ਡੀ.ਸੀ.ਪੀ. ਨੂੰ ਰਿਪਰੇਸੇਂਟਸ਼ਨ ਦੇ ਕੇ ਇਹਨਾਂ ਸ਼ੱਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਦੀ ਮੰਗ ਕੀਤੀ ਜਾਵੇਗੀ | ਇਸ ਮੌਕੇ ਵਰਿੰਦਰ ਨਾਹਰ ਵਾਇਸ ਪ੍ਰਧਾਨ ਦੁਸਹਿਰਾ ਕਮੇਟੀ ਸ਼ਾਹਕੋਟ, ਸਚਿਨ ਜਿੰਦਲ, ਰੱਜਤ ਜੈਨ, ਸਤਵੀਰ ਗੁਪਤਾ, ਰਾਜਾ ਚੌਧਰੀ, ਸੂਰਜ ਜੈਸਵਾਲ, ਦੀਪਕ ਕੁਮਾਰ, ਗਗਨਦੀਪ ਗੋਇਲ, ਗਗਨ ਸ਼ਰਮਾ, ਹਰੀਸ਼ ਸ਼ਰਮਾ, ਨੀਰਜ ਨਾਹਰ, ਲਾਡੀ, ਲਭਾ ਪੰਡਿਤ ਆਦਿ ਹਾਜ਼ਰ ਸਨ |