16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਦੀ ਕੁਰਸੀ ਲਈ ਆਗੂਆਂ 'ਚ ਦੌੜ ਤੇਜ਼

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਜਸਪਾਲ ਸਿੰਘ
ਜਲੰਧਰ, 23 ਸਤੰਬਰ - 'ਸੰਗਠਨ ਸਿਰਜਣ' ਮੁਹਿੰਮ ਦੇ ਨਾਂ ਹੇਠ ਪਾਰਟੀ ਹਾਈਕਮਾਨ ਵਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਆਰੰਭੀਆਂ ਸਰਗਮੀਆਂ ਦੇ ਤਹਿਤ ਨਿਯੁਕਤ ਕੀਤੇ ਗਏ ਜ਼ਿਲ੍ਹਾ ਵਾਰ ਸ਼ਹਿਰੀ ਤੇ ਦਿਹਾਤੀ ਅਬਜ਼ਰਵਰਾਂ ਵਲੋਂ ਵੱਖੋ-ਵੱਖਰੇ ਤੌਰ 'ਤੇ ਹੋਰਨਾਂ ਸੀਨੀਅਰ ਆਗੂਆਂ ਦੇ ਨਾਲ ਹਲਕਾਵਾਰ ਮੀਟਿੰਗਾਂ ਕਰਕੇ ਨਾ ਕੇਵਲ ਵਰਕਰਾਂ ਦੀ ਨਬਜ਼ ਟਟੋਲੀ ਜਾ ਰਹੀ ਹੈ ਬਲਕਿ ਇਹ ਵੀ ਸਾਫ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ 'ਚ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਨਹੀਂ ਚੱਲੇਗੀ ਅਤੇ ਪ੍ਰਧਾਨ ਦੀ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ | ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਧਾਨ ਬਣਨ ਦੇ ਚਾਹਵਾਨ ਆਗੂਆਂ ਨੇ ਵੀ ਆਪਣੇ ਪੱਧਰ 'ਤੇ ਜ਼ੋਰ ਅਜ਼ਮਾਇਸ਼ ਸ਼ੁਰੂ ਕਰਦੇ ਹੋਏ ਆਪੋ-ਆਪਣੀ ਦਾਅਵੇਦਾਰੀ ਹਾਈਕਮਾਨ ਕੋਲ ਪੇਸ਼ ਕੀਤੀ ਹੈ | ਕਈ ਆਗੂ ਆਪਣੇ ਸਿਆਸੀ ਆਕਾਵਾਂ ਦੀ ਵੀ ਸ਼ਰਨ ਲੈ ਰਹੇ ਹਨ ਤੇ ਉਨ੍ਹਾਂ ਵਲੋਂ ਹਾਈਕਮਾਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ | ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਪਾਰਟੀ ਵਲੋਂ ਸੰਗਠਨ ਦੀ ਮਜ਼ਬੂਤੀ ਲਈ ਪਹਿਲੀ ਵਾਰ ਆਰੰਭੀ ਗਈ ਇਸ ਕਵਾਇਦ ਦਾ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਪਰ ਹਾਲ ਦੀ ਘੜੀ ਇਸ ਮੁਹਿੰਮ ਨੇ ਪਾਰਟੀ ਵਰਕਰਾਂ ਨੂੰ ਸਰਗਰਮ ਜ਼ਰੂਰ ਕਰ ਦਿੱਤਾ ਹੈ | ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੀ ਪ੍ਰਧਾਨਗੀ ਦੇ ਦੌੜ 'ਚ ਜਿੱਥੇ ਮੌਜੂਦਾ ਪ੍ਰਧਾਨ
ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ, ਉੱਥੇ ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਆਗੂ ਮਨੋਜ ਮਨੂੰ ਬੜਿੰਗ, ਕੌਂਸਲਰ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਸੰਜੇ ਸਹਿਗਲ, ਕੌਂਸਲਰ ਪਵਨ ਕੁਮਾਰ ਤੇ ਹੋਰਨਾਂ ਆਗੂਆਂ ਵਲੋਂ ਵੀ ਸਖਤ ਚੁਨੌਤੀ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਆਗੂਆਂ ਵਲੋਂ ਵੀ ਆਪੋ-ਆਪਣੀ ਦਾਅਵੇਦਾਰੀ ਪਾਰਟੀ ਹਾਈਕਮਾਨ ਨੂੰ ਸੌਂਪੀ ਜਾ ਚੁੱਕੀ ਹੈ | ਦੱਸਿਆ ਜਾ ਰਿਹਾ ਕਿ ਰਜਿੰਦਰ ਬੇਰੀ ਨੂੰ ਹਿੰਦੂ ਚਿਹਰਾ ਹੋਣ ਦੇ ਨਾਲ-ਨਾਲ ਸਾਫ ਸੁਥਰੇ ਅਕਸ ਦਾ ਜਿੱਥੇ ਫਾਇਦਾ ਮਿਲਣ ਦੀ ਸੰਭਾਵਨਾ ਹੈ, ਉੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਦੇ ਹੱਕ 'ਚ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਹਰੇਕ ਚੋਣ 'ਚ ਪਾਰਟੀ ਲਈ ਸਰਗਰਮੀ ਨਾਲ ਕੀਤੇ ਗਏ ਕੰਮ ਵੀ ਉਨ੍ਹਾਂ ਦੇ ਹੱਕ 'ਚ ਦੱਸੇ ਜਾ ਰਹੇ ਹਨ, ਜਦਕਿ ਸ਼ਹਿਰੀ ਸਿੱਖ ਆਗੂਆਂ ਵਿਚੋਂ ਬੰਟੀ ਨੀਲਕੰਠ ਲਗਾਤਾਰ ਤਿੰਨ ਵਾਰ ਕੌਂਸਲਰ ਚੁਣੇ ਗਏ ਹਨ ਤੇ ਰਾਜੀਵ ਗਾਂਧੀ ਪੰਚਾਇਤ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ 'ਤੇ ਰਹਿਣ ਤੋਂ ਇਲਾਵਾ ਨਗਰ ਨਿਗਮ ਦੀਆਂ ਕਈ ਕਮੇਟੀਆਂ 'ਚ ਵੀ ਸਰਗਰਮੀ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਹਨ, ਜਿਸ ਦਾ ਉਨ੍ਹਾਂ ਨੂੰ ਫਾਇਦਾ ਮਿਲ ਸਕਦਾ ਹੈ | ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਮਨੂੰ ਬੜਿੰਗ ਵੀ ਹਿੰਦੂ ਚਿਹਰਾ ਹੋਣ ਦੇ ਨਾਲ-ਨਾਲ ਸ਼ਹਿਰੀ ਖੇਤਰ 'ਚ ਆਪਣਾ ਚੰਗਾ ਪ੍ਰਭਾਵ ਰੱਖਦੇ ਹਨ ਤੇ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹਿ ਚੁੱਕੀ ਹੈ | ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਪਾਰਟੀ ਦਾ ਦਲਿਤ ਚਿਹਰਾ ਹੋ ਸਕਦੇ ਹਨ ਤੇ ਉਹ ਵੀ ਪਾਰਟੀ ਦੇ ਮੌਜੂਦਾ ਕੌਂਸਲਰ ਹਨ | ਇਸੇ ਤਰ੍ਹਾਂ ਵਾਲਮੀਕਿ ਸਮਾਜ ਦੇ ਆਗੂ ਰਾਜ ਕੁਮਾਰ ਰਾਜੂ ਸਮੇਤ ਡੇਢ ਦਰਜਨ ਦੇ ਕਰੀਬ ਆਗੂ ਜ਼ਿਲ੍ਹਾ ਪ੍ਰਧਾਨ ਦੀ ਦੌੜ 'ਚ ਸ਼ਾਮਿਲ ਦੱਸੇ ਜਾ ਰਹੇ ਹਨ | ਓਧਰ ਦਿਹਾਤੀ ਖੇਤਰ 'ਚ ਵੀ ਹਾਲਾਤ ਇਹੋ ਜਿਹੇ ਹੀ ਹਨ ਤੇ ਉੱਥੇ ਵੀ ਇਕ ਦਰਜਨ ਦੇ ਕਰੀਬ ਆਗੂਆਂ ਵਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ | ਹਾਲਾਂਕਿ ਮੌਜੂਦਾ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਇਸ ਵੇਲੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਸਖਤ ਚੁਣੌਤੀ ਦਿੱਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਜੇਕਰ ਪਾਰਟੀ ਵਲੋਂ ਹਰਦੇਵ ਸਿੰਘ ਲਾਡੀਸ਼ੇਰੋਵਾਲੀਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਅਜਿਹੇ 'ਚ ਪਾਰਟੀ ਵਲੋਂ ਕਿਸੇ ਅਜਿਹੇ ਆਗੂ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ, ਜੋ ਕਿਸੇ ਇਕ ਧੜੇ੍ਹ ਨਾਲ ਸੰਬੰਧਿਤ ਨਾ ਹੋਵੇ, ਬਲਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ | ਅਜਿਹੇ 'ਚ ਜਨਰਲ ਵਰਗ ਨਾਲ ਸੰਬੰਧਿਤ ਆਗੂ ਡਾ. ਨਵਜੋਤ ਸਿੰਘ ਦਾਹੀਆ, ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਤੇ ਅਸ਼ਵਨ ਭੱਲਾ ਦਾ ਨਾਂ ਸਭ ਤੋਂ ਅੱਗੇ ਹੋ ਸਕਦਾ ਹੈ ਪਰ ਜੇਕਰ ਪਾਰਟੀ ਵਲੋਂ ਐੱਸ.ਸੀ. ਵਰਗ ਵਿਚੋਂ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਇਸ ਸੂਰਤ 'ਚ ਚੌਧਰੀ ਸੁਰਿੰਦਰ ਸਿੰਘ ਤੇ ਵਿਕਰਮਜੀਤ ਸਿੰਘ ਚੌਧਰੀ ਵਿਚੋਂ ਚੋਣ ਕਰਨੀ ਹੋਵੇਗੀ | ਹਾਲਾਂਕਿ ਚਰਚਾ ਹੈ ਕਿ ਦਿਹਾਤੀ ਖੇਤਰ ਦੇ 5 ਵਿਧਾਨ ਸਭਾ ਹਲਕਿਆਂ ਵਿਚੋਂ ਤਿੰਨ ਹਲਕੇ ਪਹਿਲਾਂ ਹੀ ਰਾਖਵੇਂ ਹਨ ਤੇ ਚੌਥਾ ਲੋਕ ਸਭਾ ਮੈਂਬਰ ਦੀ ਸੀਟ ਵੀ ਰਾਖਵੀਂ ਹੋਣ ਕਾਰਨ ਪਾਰਟੀ ਵਲੋਂ ਕਿਸੇ ਦਲਿਤ ਆਗੂ ਨੂੰ ਜ਼ਿਲ੍ਹਾ ਪ੍ਰਧਾਨ ਲਾਉਣ ਦੀ ਬਜਾਏ ਕਿਸੇ ਜੱਟ ਸਿੱਖ ਚਿਹਰੇ ਨੂੰ ਨੁਮਾਇੰਦਗੀ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਤੇ ਅਜਿਹਾ ਕਰਕੇ ਪਾਰਟੀ ਜੱਟ ਸਿੱਖ ਵੋਟਰਾਂ ਅੰਦਰ ਆਪਣਾ ਪ੍ਰਭਾਵ ਵਧਾ ਸਕਦੀ ਹੈ | ਅਜਿਹੇ 'ਚ ਦੋ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਤੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਤੇ ਪਾਰਟੀ ਲਈ ਸਰਗਰਮੀ ਨਾਲ ਕੰਮ ਕਰਨ ਵਾਲੇ ਆਗੂ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਿਚਕਾਰ ਸਖਤ ਟੱਕਰ ਹੋ ਸਕਦੀ ਹੈ | ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਜੋ ਸ਼ਹੀਦ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਤੇ ਪਾਰਟੀ ਸੰਗਠਨ 'ਚ ਵੀ ਅਹਿਮ ਅਹੁਦਿਆਂ 'ਤੇ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ ਵਲੋਂ ਆਪਣੀ ਦਾਅਵੇਦਾਰੀ ਬਹੁਤ ਮਜ਼ਬੂਤੀ ਨਾਲ ਪੇਸ਼ ਕੀਤੀ ਗਈ ਹੈ | ਸਮੇਂ ਰਾਣਾ ਰੰਧਾਵਾ ਨੂੰ ਇਸ ਗੱਲ ਦਾ ਵੀ ਫਾਇਦਾ ਮਿਲ ਸਕਦਾ ਹੈ ਕਿ ਉਹ ਵਿਰੋਧੀ ਧਿਰ 'ਚ ਹੁੰਦੇ ਹੋਏ ਵੀ ਸਰਕਾਰਾਂ ਖਿਲਾਫ ਡੱਟ ਕੇ ਖੜ੍ਹੇ ਰਹੇ ਹਨ ਤੇ ਹਰ ਤਰ੍ਹਾਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾਈ |

Ad Position 22
No active advertisement
ਪਿਛਲੀ ਖ਼ਬਰ ਆਫੀਸਰ ਵਾਈਫ ਕਲੱਬ ਵਲੋਂ ਮਨਾਇਆ 'ਡਾਂਡੀਆਂ ਡੇਅ' <br/> ਅਗਲੀ ਖ਼ਬਰ 3 ਨਸ਼ਾ ਤਸਕਰ 2,23,000 ਨਸ਼ੀਲੀਆਂ ਗੋਲੀਆਂ, 2 ਕਾਰਾਂ ਅਤੇ 1 ਐਕਟਿਵਾ ਸਮੇਤ ਗਿ੍ਫ਼ਤਾਰ
Ad Position 24