ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਅੰਤਰਰਾਜੀ ਫਾਰਮਾਸੂਟੀਕਲ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ, ਦੂਸਰੇ ਸੂਬੇ ਤੋਂ ਲਿਆ ਕੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ 3 ਮੁਲਜ਼ਮਾਂ ਨੂੰ 2,23,000 ਨਸ਼ੀਲੀਆਂ ਗੋਲੀਆਂ, 2 ਕਾਰਾਂ ਅਤੇ 1 ਐਕਟਿਵਾ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਕਸ਼ਮਿਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਡੀ.ਸੀ.ਪੀ. ਜਾਂਚ ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਜਾਂਚ ਜਯੰਤ ਪੁਰੀ ਅਤੇ ਏ.ਡੀ.ਸੀ.ਪੀ. ਪਰਮਜੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਮੁਖੀ ਸੁਰਿੰਦਰ ਕੁਮਾਰ ਦੀ ਟੀਮ ਨੇ ਬਰਲਟਨ ਪਾਰਕ ਦੇ ਗੇਟ ਸਾਹਮਣੇ ਕਾਰਵਾਈ ਕਰਦੇ ਹੋਏ ਕਾਰ 'ਚੋਂ 87,000 ਟਰਾਮਾਡੋਲ ਗੋਲੀਆਂ ਬਰਾਮਦ ਕਰਕੇ ਨਿਤਿਨ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ ਵਾਸੀ ਬਚਿੰਤ ਨਗਰ, ਪਿੰਡ ਰੇਰੂ ਨੇੜੇ ਪਠਾਨਕੋਟ ਚੌਕ, ਜਲੰਧਰ ਨੂੰ ਕਾਬੂ ਕਰ ਲਿਆ | ਮੁਲਜ਼ਮ ਦੀ ਪੁੱਛਗਿੱਛ ਦੌਰਾਨ ਉਸਦੇ 2 ਹੋਰ ਸਾਥੀਆਂ ਅਜੇ ਕੁਮਾਰ ਪੁੱਤਰ ਸੁਨੀਲ ਕੁਮਾਰ, ਵਾਸੀ ਤਿਲਕ ਨਗਰ, ਜਲੰਧਰ ਅਤੇ ਅਮਿਤ ਵਰਮਾ ਉਰਫ਼ ਸੰਨੀ ਵਾਸੀ ਸਤਨਾਮ ਨਗਰ, ਜਲੰਧਰ ਬਾਰੇ ਜਾਣਕਾਰੀ ਮਿਲੀ | ਪੁਲਿਸ ਪਾਰਟੀ ਨੇ ਇਕ ਹੋਰ ਕਾਰ 'ਚੋਂ 1,12,000 ਗੋਲੀਆਂ ਬਰਾਮਦ ਕਰਕੇ ਅਜੇ ਕੁਮਾਰ ਅਤੇ ਇਕ ਐਕਟਿਵਾ 'ਚੋਂ 24,000 ਗੋਲੀਆਂ ਬਰਾਮਦ ਕਰਕੇ ਮੁਲਜ਼ਮ ਅਮਿਤ ਵਰਮਾ ਉਰਫ਼ ਸੰਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸੀ.ਪੀ. ਨੇ ਦਸਿਆ ਕਿ ਮੁਲਜ਼ਮਾਂ ਦੇ ਕਬਜ਼ੇ 'ਚੋਂ ਕੁੱਲ 2,23,000 ਟਰਾਮਾਡੋਲ ਹਾਈਡਰੋਕਲੋਰਾਈਡ ਗੋਲੀਆਂ, 2 ਕਾਰਾਂ ਅਤੇ 1 ਐਕਟਿਵਾ ਬਰਾਮਦ ਕੀਤੀਆਂ ਹਨ |
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ.1, ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਨੇ ਦਸਿਆ ਕਿ ਉਹ ਇਹ ਗੋਲੀਆਂ ਸ਼ਹਿਰ ਦੇ ਅੰਦਰ ਅਤੇ ਨੇੜਲੇ ਖੇਤਰਾਂ 'ਚ ਸਪਲਾਈ ਕਰਦੇ ਸਨ | ਸੀ.ਪੀ. ਜਲੰਧਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ, ਜਿਸ ਦੌਰਾਨ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੇ ਆਧਰ 'ਤੇ ਇਸ ਕਾਰੋਬਾਰ ਨਾਲ ਜੁੜੇ ਹੋਰ ਵਿਅਕਤੀਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
3 ਨਸ਼ਾ ਤਸਕਰ 2,23,000 ਨਸ਼ੀਲੀਆਂ ਗੋਲੀਆਂ, 2 ਕਾਰਾਂ ਅਤੇ 1 ਐਕਟਿਵਾ ਸਮੇਤ ਗਿ੍ਫ਼ਤਾਰ
ਅਜੀਤ ਡੈਸਕ
24-09-2025