ਸ਼ਰਾਬ ਦੀਆਂ ਪੇਟੀਆਂ ਦੀ ਵਿਕਰੀ ਕਰਨ ਦੇ ਮਾਮਲੇ ਵਿਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ
ਜਲੰਧਰ, 23 ਸਤੰਬਰ (ਸ਼ਿਵ)-ਸ਼ਰਾਬ ਪੇਟੀਆਂ ਦੀ ਵਿੱਕਰੀ ਕਰਕੇ ਆਬਕਾਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਆਬਕਾਰੀ ਵਿਭਾਗ ਦੇ ਡੀ.ਈ.ਟੀ.ਸੀ. ਸੁਰਿੰਦਰ ਕੁਮਾਰ ਗਰਗ ਨੇ ਆਬਕਾਰੀ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਰਾਮਾ ਮੰਡੀ ਸ਼ਰਾਬ ਗਰੁੱਪ ਤੇ ਹਰਿਆਣਾ ਸ਼ਰਾਬ ਗਰੁੱਪ ਦੇ 49 ਠੇਕਿਆਂ ਨੂੰ ਕ੍ਰਮਵਾਰ ਦੋ ਅਤੇ ਤਿੰਨ ਦਿਨ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ | ਸ਼ਰਾਬ ਗਰੁੱਪਾਂ ਵੱਲੋਂ ਪੇਟੀਆਂ ਵਿਚ ਸ਼ਰਾਬ ਨਹੀਂ ਵੇਚੀ ਜਾ ਸਕਦੀ ਹੈ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ | ਆਬਕਾਰੀ ਵਿਭਾਗ ਨੇ ਪੁਨੀਤ ਕੁਮਾਰ ਰਾਮਾ ਮੰਡੀ ਸ਼ਰਾਬ ਗਰੁੱਪ 24 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਅਤੇ ਪੁਨੀਤ ਕੁਮਾਰ ਹਰਿਆਣਾ ਸ਼ਰਾਬ ਗਰੁੱਪ 24 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਰਾਮਾ ਮੰਡੀ ਗਰੁੱਪ ਦੇ 23 ਠੇਕੇ 2 ਦਿਨ ਲਈ ਅਤੇ ਹਰਿਆਣਾ ਗਰੁੱਪ ਦੇ 26 ਠੇਕੇ ਤਿੰਨ ਦਿਨ ਲਈ ਬੰਦ ਰਹਿਣਗੇ | ਵਿਭਾਗੀ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਸ਼ਰਾਬ ਗਰੁੱਪਾਂ ਵੱਲੋਂ ਸ਼ਰਾਬ ਦੀਆਂ ਪੇਟੀਆਂ ਵੇਚਣ 'ਤੇ ਇਹ ਕਾਰਵਾਈ ਕੀਤੀ ਗਈ ਹੈ ਜਿਹੜੀ ਕਿ ਆਬਕਾਰੀ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ | ਉਨਾਂ ਦੱਸਿਆ ਰਾਮਾ ਮੰਡੀ ਗਰੁੱਪ ਨੂੰ ਇਸ ਕਰਕੇ ਬੰਦ ਕੀਤਾ ਗਿਆ ਹੈ ਕਿਉਂਕਿ ਅੰਮਿ੍ਤਸਰ ਵਿਚ ਕਾਰਵਾਈ ਦੌਰਾਨ 27 ਸ਼ਰਾਬ ਪੇਟੀਆਂ ਜ਼ਬਤ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਇਸ ਗਰੁੱਪ ਤੋਂ ਵਿੱਕਰੀ ਹੋਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ | ਇਸ ਤੋਂ ਇਲਾਵਾ ਪਠਾਨਕੋਟ ਵਿਚ 81 ਸ਼ਰਾਬ ਪੇਟੀਆਂ ਜ਼ਬਤ ਕੀਤੀਆਂ ਗਈਆਂ ਸੀ | ਆਬਕਾਰੀ ਵਿਭਾਗ ਵੱਲੋਂ ਜਦੋਂ ਇਨ੍ਹਾਂ ਮਾਮਲਿਆਂ ਵਿਚ ਜਾਂਚ ਕੀਤੀ ਗਈ ਸੀ ਤਾਂ ਬਾਅਦ ਵਿਚ ਠੇਕੇ ਬੰਦ ਰੱਖਣ ਦੀ ਕਾਰਵਾਈ ਕੀਤੀ ਗਈ ਹੈ | ਚੇਤੇ ਰਹੇ ਕਿ ਸ਼ਰਾਬ ਠੇਕਿਆਂ ਤੋਂ ਪੇਟੀਆਂ ਵਿਚ ਸ਼ਰਾਬ ਨਹੀਂ ਵੇਚੀ ਜਾ ਸਕਦੀ ਹੈ ਤੇ ਇਸ ਲਈ ਆਬਕਾਰੀ ਵਿਭਾਗ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ |
ਰਾਮਾ ਮੰਡੀ ਅਤੇ ਹਰਿਆਣਾ ਸ਼ਰਾਬ ਗਰੁੱਪ ਦੇ ਅੱਜ ਤੋਂ ਬੰਦ ਰਹਿਣਗੇ 49 ਠੇਕੇ
ਅਜੀਤ ਡੈਸਕ
24-09-2025