ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 14 ਲੱਖ ਦੀ ਠੱਗੀ ਮਾਰਨ ਵਾਲੇ ਦੋ ਟਰੈਵਲ ਏਜੰਟਾਂ ਸਿਕੰਦਰ ਸਿੰਘ ਤੇ ਅਪੂਰਵਾ ਅਰੋੜਾ ਵਾਸੀ ਜਲੰਧਰ ਹਾਈਟਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨਰਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਨਿਤਿਨ ਰਾਣਾ ਵਾਸੀ ਹੁਸ਼ਿਆਰਪੁਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ | ਇਸ ਲਈ ਉਸ ਨੇ ਟ੍ਰੈਵਲ ਏਜੰਟ ਸਿਕੰਦਰ ਸਿੰਘ ਤੇ ਉਸ ਦੀ ਮਹਿਲਾ ਸਾਥੀ ਅਪੂਰਵਾ ਅਰੋੜਾ ਨਾਲ ਸੰਪਰਕ ਕੀਤਾ | ਉਨ੍ਹਾਂ ਵਲੋਂ ਉਸ ਕੋਲੋਂ ਵੱਖ-ਵੱਖ ਸਮੇਂ 'ਤੇ ਪੈਸਿਆਂ ਦੀ ਮੰਗ ਕੀਤੀ ਗਈ, ਜੋ ਉਸ ਨੇ ਕਰੀਬ 14 ਲੱਖ ਰੁਪਏ ਉਨ੍ਹਾਂ ਨੂੰ ਦਿੱਤੇ | ਇਸ ਤੋਂ ਬਾਅਦ ਟ੍ਰੈਵਲ ਏਜੰਟਾਂ ਵਲੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ | ਏ. ਐੱਸ. ਆਈ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਿਕੰਦਰ ਸਿੰਘ ਤੇ ਅਪੂਰਵਾ ਅਰੋੜਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ, ਇਸ ਤੋਂ ਇਲਾਵਾ ਵੀ ਸਿਕੰਦਰ ਸਿੰਘ ਖ਼ਿਲਾਫ਼ ਇਕ ਹੋਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |