ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਵਲੋਂ ਡਾ. ਤਾਰਕਜੋਤ ਸਿੰਘ ਨੂੰ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਦੇ ਨਵੇਂ ਮੈਡੀਕਲ ਸੁਪਰਡੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਕੇਵਲ 6 ਦਿਨ ਤੱਕ ਹੀ ਇਸ ਅਹੁਦੇ 'ਤੇ ਸੇਵਾਵਾਂ ਦੇਣਗੇ | ਵਿਭਾਗ ਵਲੋਂ ਇਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਦੇ ਅਹੁਦਾ ਦੀ ਜ਼ਿੰਮੇਵਾਰੀ ਡਾ. ਨਮਿਤਾ ਘਈ ਨੂੰ ਸੌਂਪੀ ਗਈ ਹੈ, ਜਿਸ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ | ਵਰਨਣਯੋਗ ਹੈ ਕਿ ਸਿਵਲ ਹਸਪਤਾਲ 'ਚ 27 ਜੁਲਾਈ ਨੂੰ ਸ਼ਾਮ ਵੇਲੇ ਆਕਸੀਜਨ ਪਲਾਂਟ 'ਚ ਖ਼ਰਾਬੀ ਆਉਣ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ | ਸਿਹਤ ਮੰਤਰੀ ਵਲੋਂ ਇਸ ਮਾਮਲੇ ਦੀ ਜ਼ਿੰਮੇਵਾਰੀ ਤਤਕਾਲੀ ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ ਬੱਧਣ 'ਤੇ ਪਾਉਂਦੇ ਹੋਏ, ਉਨ੍ਹਾਂ ਵਿਰੁੱਧ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਅਹੁਦਾ ਖਾਲੀ ਚੱਲ ਰਿਹਾ ਸੀ | ਵਿਭਾਗ ਵਲੋਂ ਕਰੀਬ ਦੋ ਮਹੀਨੇ ਬਾਅਦ ਇਸ ਅਹੁਦੇ ਲਈ ਡਾ. ਤਾਰਕਜੋਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਪਰ ਉਹ ਵੀ 30 ਸਤੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ | ਇਸ ਲਈ ਵਿਭਾਗ ਨੇ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਡਾ. ਨਮਿਤਾ ਘਈ ਨੂੰ ਸੌਂਪੇ ਜਾਣ ਦਾ ਫ਼ੈਸਲਾ ਕਰ ਲਿਆ ਹੈ |