ਜਲੰਧਰ, 26 ਸਤੰਬਰ (ਸ਼ਿਵ)-ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਜਿੱਥੇ ਸੰਨ੍ਹੀ ਸਹੋਤਾ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਕਿਹਾ ਹੈ ਕਿ ਜੇਕਰ ਨਿਗਮ ਪ੍ਰਸ਼ਾਸਨ ਵੱਲੋਂ ਦੋ ਦਿਨ ਵਿਚ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਹੜਤਾਲ 'ਤੇ ਚਲੀਆਂ ਜਾਣਗੀਆਂ | ਇਸ ਬਾਰੇ ਸੰਨ੍ਹੀ ਸਹੋਤਾ ਦੀ ਅਗਵਾਈ ਵਿਚ ਆਗੂਆਂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਵੀ ਸੌਂਪ ਦਿੱਤਾ ਹੈ | ਉਂਝ ਦੇਰ ਸ਼ਾਮ ਮਾਮਲੇ 'ਤੇ ਗੱਲਬਾਤ ਲਈ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਦਫਤਰ ਵਿਚ ਮੀਟਿੰਗ ਵੀ ਹੋਈ ਸੀ ਪਰ ਇਹ ਮੀਟਿੰਗ ਬੇਨਤੀਜਾ ਰਹੀ ਜਿਸ ਤੋਂ ਬਾਅਦ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਵੱਲੋਂ ਨਿਗਮ ਪ੍ਰਸ਼ਾਸਨ ਨੂੰ ਹੜਤਾਲ ਦਾ ਅਲਟੀਮੇਟਮ ਦਿੱਤਾ ਗਿਆ | ਸੰਨ੍ਹੀ ਸਹੋਤਾ ਤੇ ਹੋਰ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇ. ਸੀ. ਬੀ. ਆਪ੍ਰੇਟਰ ਪਿਛਲੇ ਦੱਸ ਸਾਲਾਂ ਤੋਂ ਮਸ਼ੀਨਾਂ ਨੂੰ ਚਲਾ ਰਹੇ ਹਨ | ਉਨਾਂ ਨੂੰ ਡੀ. ਸੀ. ਰੇਟਾਂ 'ਤੇ ਰੱਖਿਆ ਜਾਵੇ ਤੇ ਹੋਰ ਮੰਗਾਂ ਵਿਚ ਡਰਾਈਵਰਾਂ ਨੂੰ ਸਥਾਈ ਕਰਨ ਦੀ ਮੰਗ ਤੋਂ ਇਲਾਵਾ ਠੇਕੇ 'ਤੇ ਚੱਲਦੀਆਂ ਗੱਡੀਆਂ ਬੰਦ ਕਰਨਾ, ਨਿਗਮ ਵੱਲੋਂ ਆਪਣੀ ਮਸ਼ੀਨਰੀ ਲੈ ਕੇ ਕੂੜਾ ਚੁਕਵਾਉਣ, ਨਗਰ ਨਿਗਮ ਵਿਚ ਭਿ੍ਸ਼ਟਾਚਾਰ ਰੋਕਣ ਲਈ ਪੈਟਰੋਲ ਪੰਪਾਂ 'ਤੇ ਵਰਕਸ਼ਾਪਾਂ ਵਿਚ ਰੋਟੇਸ਼ਨ ਮੁਤਾਬਕ ਮੁਲਾਜ਼ਮਾਂ ਨੂੰ ਲਗਾਉਣ ਦੀ ਮੰਗ ਕੀਤੀ ਗਈ ਤੇ ਇਸ ਤੋਂ ਇਲਾਵਾ ਸਾਰੇ ਕੌਂਸਲਰਾਂ ਨੂੰ ਆਗਾਹ ਕੀਤਾ ਗਿਆ ਕਿ ਜੇਕਰ ਕਿਸ ਨੇ ਨਵ-ਨਿਯੁਕਤ ਸੀਵਰਮੈਨਾਂ ਨੂੰ ਹਟਾ ਕੇ ਨਵੇਂ ਸੀਵਰਮੈਨ ਰੱਖਣ ਦਾ ਯਤਨ ਕੀਤਾ ਤਾਂ ਉਹ ਵਾਰਡਾਂ ਦੀ ਸਫ਼ਾਈ ਅਤੇ ਸੀਵਰ ਸਫ਼ਾਈ ਦਾ ਕੰਮ ਬੰਦ ਕਰ ਦੇਣਗੇ | ਇਸ ਤੋਂ ਇਲਾਵਾ ਨਿਗਮ ਵਿਚ ਆਉਣ ਵਾਲੀ ਨਵੀਂ ਮਸ਼ੀਨਰੀ ਨੂੰ ਸੀਨੀਅਰਤਾ ਦੇ ਆਧਾਰ 'ਤੇ ਸਥਾਈ ਮੁਲਾਜ਼ਮਾਂ ਨੂੰ ਵੰਡਣ ਦੀ ਮੰਗ ਕੀਤੀ ਗਈ | ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਉਕਤ ਮੰਗਾਂ ਦੋ ਦਿਨਾਂ ਵਿਚ ਨਾ ਮੰਨੀਆਂ ਗਈਆਂ ਤਾਂ ਸਾਂਝੀਆਂ ਯੂਨੀਅਨਾਂ 29 ਸਤੰਬਰ ਤੋਂ ਹੜਤਾਲ 'ਤੇ ਚਲੇ ਜਾਣਗੀਆਂ | ਇਸ ਦੀ ਸਾਰੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਪਵਨ ਅਗਨੀਹੋਤਰੀ, ਪਵਨ ਬਾਬਾ, ਸੰਨ੍ਹੀ ਸੇਠੀ, ਗੌਰਵ ਗਿੱਲ, ਅਨਿਲ ਸਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਬਿੱਲਾ ਸਭਰਵਾਲ, ਗੁਰਬਿੰਦਰ ਸਿੰਘ, ਵਿੱਕੀ ਸਹੋਤਾ, ਅਮਰ ਕਲਿਆਣ, ਕਰਨ ਥਾਪਰ, ਰਾਹੁਲ ਸਭਰਵਾਲ, ਹੁਸਨ ਲਾਲ, ਸੰਜੀਵ ਭਾਰਦਵਾਜ, ਰਾਜੀਵ ਗਿੱਲ, ਰਜਿੰਦਰ ਸਹੋਤਾ, ਨਰੇਸ਼ ਲੱਲਾ, ਵਿਕਰਮ, ਜੋਣੀ, ਗੋਪਾਲ ਖੋਸਲਾ, ਪ੍ਰਦੀਪ ਸਰਵਟੇ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ |