ਜਲੰਧਰ, 26 ਸਤੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਖੇਡੇ ਜਾ ਰਹੇ ਪੰਜਾਬ ਹਾਕੀ ਲੀਗ 2025 ਦੇ ਸੈਮੀਫਾਈਨਲ ਮੈਚਾਂ ਵਿਚੋਂ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਤੇ ਸੋਨੀਪੱਤ ਦੀਆਂ ਟੀਮਾਂ ਨੇ ਫਾਈਨਲ 'ਚ ਪ੍ਰਵੇੇਸ਼ ਕਰ ਲਿਆ ਤੇ ਇਸ ਦੀ ਫਾਈਨਲ ਟੱਕਰ 27 ਸਤੰਬਰ ਨੂੰ ਹੋਵੇਗੀ | ਜੇਤੂ ਟੀਮਾਂ ਨੂੰ 30 ਲੱਖ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਅੱਜ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚੋਂ ਸਾਈ ਸੋਨੀਪੱਤ ਦੀ ਟੀਮ ਨੇ ਸੁਰਜੀਤ ਹਾਕੀ ਅਕੈਡਮੀ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ | ਜੇਤੂ ਗੋਲ ਅੰਕੁਰ ਨੇ 29ਵੇਂ ਮਿੰਟ 'ਚ ਕਰਕੇ ਟੀਮ ਨੂੰ ਜਿੱਤ ਦਿਵਾਈ | ਇਸ ਮੈਚ ਵਿਚੋਂ ਸੋਨੀਪੱਤ ਦੇ ਮਨਜੀਤ ਸਿੰੰਘ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ | ਦੂਜੇ ਸੈਮੀਫਾਈਨਲ ਮੈਚ ਵਿਚੋਂ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਰਾਂਊਡ ਗਲਾਸ ਹਾਕੀ ਅਕੈਡਮੀ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ | ਜੇਤੂ ਗੋਲ ਅਸ਼ੀਸ਼ ਤਨੀ ਪੂਰਤੀ ਨੇ 52ਵੇਂ ਮਿੰਟ 'ਚ ਕਰਕੇ ਟੀਮ ਨੂੰ ਜੇਤੂ ਬਣਾਇਆ | ਇਸ ਮੌਕੇ ਜਮਸ਼ੇਦਪੁਰ ਦੇ ਗੋਗਾ ਟੋਪਨੋ ਨੂੰ ਸਰਬੋਤਮ ਖਿਡਾਰੀ ਐਲਾਨਿਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਉਲੰਪੀਅਨ ਬਿ੍ਗੇਡੀਅਰ ਹਰਚਰਨ ਸਿੰਘ, ਉਲੰਪੀਅਨ ਅਸ਼ੋਕ ਧਿਆਨ ਚੰਦ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਮੌਕੇ ਤੇ ਪਿ੍ੰਸ ਸਰਕਾਰੀਆ, ਨਿਤਿਨ ਕੋਹਲੀ ਪ੍ਰਮੋਦ ਬਟਾਲਾ, ਅਮਰੀਕ ਸਿੰਘ ਪੁਆਰ, ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਉਲੰਪੀਅਨ ਰਜਿੰਦਰ ਸਿੰਘ, ਅਸ਼ਫਾਕ ਉੱਲਾ ਖਾਨ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਗੁਰਮੇਲ ਸਿੰਘ, ਅਰਜਨਾ ਐਵਾਰਡੀ ਰਾਜਬੀਰ ਕੌਰ, ਰਮ ਸਰਨ, ਉਲੰਪੀਅਨ ਮੁੱਖਬੈਨ ਸਿੰਘ, ਉਲੰਪੀਅਨ ਕਰਨਲ ਬਲਵੀਰ ਸਿੰਘ, ਸੁਰਿੰਦਰ ਭਾਪਾ, ਜੀ.ਐੱਸ.ਸੰਘਾ ਤੇ ਹੋਰ ਹਾਜਰ ਸਨ |