ਜਲੰਧਰ, 23 ਨਵੰਬਰ (ਸ਼ਿਵ)-ਸ਼ਹਿਰ 'ਚ 143 ਕਰੋੜ ਵਿਚ ਕੂੜਾ ਪ੍ਰਬੰਧਨ ਦਾ ਕੰਮ ਠੇਕੇ 'ਤੇ ਦੇਣ ਲਈ ਜੇਕਰ ਟੈਂਡਰ ਖੋਲਿ੍ਹਆ ਜਾਂਦਾ ਹੈ ਤਾਂ ਇਸ ਨਾਲ ਨਿਗਮ ਯੂਨੀਅਨ ਨਾਲ ਰੇੜਕਾ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਨਿਗਮ ਯੂਨੀਅਨਾਂ ਨੇ ਇਸ ਖੋਲ੍ਹੇ ਜਾ ਰਹੇ ਟੈਂਡਰ ਨੂੰ ਲੈ ਕੇ ਪਹਿਲਾਂ ਨਿਗਮ ਕਮਿਸ਼ਨਰ ਨੂੰ ਹੜਤਾਲ 'ਤੇ ਜਾਣ ਦਾ ਨੋਟਿਸ ਅਤੇ ਮੇਅਰ ਨੂੰ ਮਿਲ ਕੇ ਇਸ ਬਾਰੇ ਹੜਤਾਲ 'ਤੇ ਜਾਣ ਦੀ ਵੀ ਗੱਲ ਕਹਿ ਦਿੱਤੀ ਹੈ | ਨਿਗਮ ਪ੍ਰਸ਼ਾਸਨ ਨੇ ਪਹਿਲਾਂ 15 ਨਵੰਬਰ ਨੂੰ ਦੋ ਭਾਗਾਂ ਵਿਚ ਲਗਾਏ ਗਏ ਇਸ ਕੰਮ ਦੇ ਟੈਂਡਰ ਨੂੰ ਖੋਲ੍ਹਣਾ ਸੀ ਪਰ ਪਹਿਲਾਂ ਕਿਸੇ ਕੰਪਨੀ ਵਲੋਂ ਕੋਈ ਟੈਂਡਰ ਨਹੀਂ ਪਾਇਆ ਗਿਆ ਸੀ ਤਾਂ ਇਸ ਦੀ ਤਰੀਕ 'ਚ ਵਾਧਾ ਕਰ ਦਿੱਤਾ ਗਿਆ ਸੀ ਤਾਂ ਹੁਣ 24 ਨਵੰਬਰ ਨੂੰ ਟੈਂਡਰ ਖੋਲਿ੍ਹਆ ਜਾਣਾ ਹੈ | ਇਹ ਟੈਂਡਰ ਸਰਕਾਰ ਦੀ ਸਿਫਾਰਸ਼ 'ਤੇ ਲਗਾਇਆ ਗਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਟੈਂਡਰ ਕੂੜੇ ਦੇ ਕੰਮ ਵਿਚ ਸੁਧਾਰ ਲਈ ਹੋਰ ਵੀ ਕਈ ਸ਼ਹਿਰਾਂ 'ਚ ਲਗਾਏ ਜਾ ਰਹੇ ਹਨ | ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਕੂੜਾ ਇਕੱਠਾ ਕਰਨ ਤੋਂ ਲੈ ਕੇ ਉਸ ਨੂੰ ਪੋ੍ਰਸੈੱਸ ਕਰਨ ਲਈ ਤਿੰਨ ਸਾਲ ਦੇ ਕੰਮ ਦਾ ਟੈਂਡਰ ਲਗਾਇਆ ਗਿਆ ਸੀ | ਓਧਰ ਇਸ ਦੀ ਚਰਚਾ ਵੀ ਹੋ ਰਹੀ ਹੈ ਕਿ ਪਹਿਲਾਂ ਤਾਂ ਨਿਗਮ ਯੂਨੀਅਨਾਂ ਵਲੋਂ ਜਿਸ ਤਰ੍ਹਾਂ ਨਾਲ ਇਸ ਟੈਂਡਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਜਲਦੀ ਸਿਰੇ ਚੜ੍ਹਨ ਦੇ ਆਸਾਰ ਨਹੀਂ ਹਨ ਪਰ ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਜਾਂਦਾ ਹੈ ਤਾਂ ਸ਼ਹਿਰ 'ਚ ਹੋਰ ਛੋਟੇ-ਛੋਟੇ ਚਲਾਏ ਜਾ ਰਹੇ ਕੂੜਾ ਸੰਭਾਲ ਪ੍ਰਾਜੈਕਟ ਬੰਦ ਹੋ ਜਾਣਗੇ | ਨਿਗਮ ਪ੍ਰਸ਼ਾਸਨ ਨੇ ਫੋਲੜੀਵਾਲ ਟਰੀਟਮੈਂਟ ਕੰਪਲੈਕਸ ਤੋਂ ਇਲਾਵਾ ਪਹਿਲਾਂ ਪ੍ਰਤਾਪ ਬਾਗ਼ ਜ਼ੋਨ ਦੇ ਕੋਲ ਕੂੜੇ ਨੂੰ ਚੂਰੇ ਵਿਚ ਬਦਲਣ ਲਈ ਮਸ਼ੀਨਾਂ ਦੀ ਖ਼ਰੀਦ ਕੀਤੀ ਸੀ ਪਰ ਜੇਕਰ ਨਵਾਂ ਕੰਮ ਕੰਪਨੀ ਨੂੰ ਦਿੱਤਾ ਜਾਵੇਗਾ ਤਾਂ ਇਹ ਛੋਟੇ ਪ੍ਰਾਜੈਕਟ ਚਲਾਏ ਜਾਣਗੇ | 143 ਕਰੋੜ ਦੇ ਟੈਂਡਰ ਦਾ ਜਿਸ ਤਰ੍ਹਾਂ ਨਾਲ ਵਿਰੋਧ ਹੋ ਰਿਹਾ ਹੈ, ਉਸ ਨੂੰ ਲਾਗੂ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਵੀ ਅਜੇ ਦਬਾਅ ਵਿਚ ਹੀ ਲੱਗ ਰਿਹਾ ਹੈ | ਜਿਸ ਕੰਪਨੀ ਨੂੰ ਇਸ ਦਾ ਕੰਮ ਦਿੱਤਾ ਜਾਵੇਗਾ, ਉਸ ਨੂੰ ਨਿਗਮ ਵਲੋਂ ਗੱਡੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ |