ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਲੋਂ ਆਦਿਵਾਸੀਆਂ ਤੇ ਮਾਓਵਾਦੀ ਇਨਕਲਾਬੀਆਂ ਦੇ ਕਰੂਰ ਕਤਲੇਆਮ ਵਿਰੁੱਧ ਤੇ ਜੇਲ੍ਹਾਂ 'ਚ ਡੱਕੇ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ | ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ. ਕੇ. ਮਲੇਰੀ, ਯਸ਼ਪਾਲ ਤੇ ਬੂਟਾ ਸਿੰਘ ਮਹਿਮੂਦਪੁਰ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੂਬਾਈ ਕਨਵੈਨਸ਼ਨ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦਿਆਂ ਨਾਮਵਰ ਕਾਰਕੁਨ ਨਦੀਮ ਖ਼ਾਨ, ਉੱਘੇ ਪੱਤਰਕਾਰ ਪ੍ਰਸ਼ਾਂਤ ਰਾਹੀ , ਕਾਰਕੁਨ ਆਸਿਫ਼ ਇਕਬਾਲ ਤਨਹਾ ਤੇ ਜਾਣੀ ਪਹਿਚਾਣੀ ਜਮਹੂਰੀ ਸ਼ਖ਼ਸੀਅਤ ਤੇ ਉੱਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਧੀ ਡਾ. ਨਵਸ਼ਰਨ ਨੇ ਕਿਹਾ ਕਿ ਭਾਰਤੀ ਰਾਜ ਵਲੋਂ ਕਰੂਰ ਕਤਲੇਆਮ, ਜੇਲ੍ਹਬੰਦੀ ਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ | ਕੇਂਦਰੀ ਗ੍ਰਹਿ ਮੰਤਰੀ ਵਲੋਂ 'ਆਤਮ ਸਮਰਪਣ ਕਰਨ ਜਾਂ ਮਰਨ ਲਈ ਤਿਆਰ ਰਹਿਣ' ਦੇ ਵਾਰ-ਵਾਰ ਐਲਾਨ ਗੰਭੀਰ ਚਿੰਤਾ ਦਾ ਵਿਸ਼ਾ ਹਨ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਵਿਰੁੱਧ ਕਾਰਪੋਰੇਟ ਹਿਤੈਸ਼ੀ ਜੰਗ ਤੇ ਆਰ. ਐੱਸ. ਐੱਸ-ਭਾਜਪਾ ਦੀ ਫਿਰਕੂ ਪਾਟਕਪਾਊ ਸਿਆਸਤ ਦਾ ਵਿਰੋਧ ਕਰਨ ਵਾਲੇ ਲੋਕ-ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ ਅਤੇ ਹੋਰ ਲੋਕ ਜਮਹੂਰੀ ਕਾਰਕੁਨਾਂ ਨੂੰ ਜੇਲਾਂ 'ਚ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ | ਅਦਾਲਤਾਂ ਦੀ ਉਦਾਸੀਨਤਾ ਕਾਰਨ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਸੈਂਕੜੇ ਕੈਦੀ ਜੇਲ੍ਹਾਂ ਵਿਚ ਸੜ ਰਹੇ ਹਨ | ਬੁਲਾਰਿਆਂ ਨੇ ਸਮੂਹ ਲੋਕ-ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਅਤੇ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਜ਼ਬੂਤ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਸੱਤਾ ਕੋਲ ਜਾਬਰ ਤਾਕਤ ਜ਼ਰੂਰ ਹੈ ਪਰ ਅਖ਼ੀਰ ਵਿਚ ਜਿੱਤ ਸੱਚ ਦੀ ਹੋਵੇਗੀ | ਸਮਾਗਮ ਦੌਰਾਨ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ 'ਚ 'ਆਪ੍ਰੇਸ਼ਨ ਕਗਾਰ' ਸਮੇਤ ਹਰ ਤਰਾਂ ਦੇ ਫ਼ੌਜੀ ਆਪ੍ਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਸਮੇਤ ਹਰ ਤਰਾਂ ਦੇ ਜਬਰ-ਜ਼ੁਲਮ ਫੌਰੀ ਰੋਕੇ ਜਾਣ | ਇਸ ਮੌਕੇ ਫਰੰਟ ਦੀ ਸੂਬਾ ਕਮੇਟੀ ਦੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਮੰਚ 'ਤੇ ਸ਼ੁਸ਼ੋਭਿਤ ਸਨ | ਇਨਕਲਾਬੀ ਗਾਇਕਾਂ ਗੁਰਮੀਤ ਜੱਜ, ਧਰਮਿੰਦਰ ਮਸਾਣੀ ਵਲੋਂ ਗੀਤ ਪੇਸ਼ ਕੀਤੇ ਗਏ |