ਕਿਸ਼ਨਗੜ੍ਹ, 7 ਦਸੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ 'ਤੇ ਸਵਾਰੀਆਂ ਨਾਲ ਭਰੀ ਬੱਸ, ਟਰੈਕਟਰ ਟਰਾਲੀ ਤੇ ਇਨੋਵਾ ਕਾਰ ਦੀ ਟੱਕਰ 'ਚ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਜਾਣਕਾਰੀ ਦੇ ਅਨੁਸਾਰ ਇਕ ਨਿਜੀ ਕੰਪਨੀ ਦੀ ਬੱਸ ਜਿਸ ਨੂੰ ਚਾਲਕ ਰਾਜਵਿੰਦਰ ਸਿੰਘ ਜੋ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਬੱਸ 'ਚ ਸਵਾਰੀਆਂ ਲੈ ਕੇ ਜਾ ਰਿਹਾ ਸੀ ਜਦੋਂ ਉਹ ਅੱਡਾ ਬਿਆਸ ਪਿੰਡ ਨਜ਼ਦੀਕ ਪਹੁੰਚਾ ਤਾਂ ਅਚਾਨਕ ਕਰਾਸਿੰਗ 'ਤੇ ਚੌਕ ਕਰਾਸ ਕਰਦੇ ਸਮੇਂ ਉਸ ਦੇ ਅੱਗੇ ਟਰੈਕਟਰ ਟਰਾਲੀ ਆ ਗਈ ਜਿਸ ਨੂੰ ਚਾਲਕ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੰਡ ਮੌੜ ਚਲਾ ਰਿਹਾ ਸੀ ਤੇ ਬੱਸ ਬੇਕਾਬੂ ਹੋ ਕੇ ਅਚਾਨਕ ਟਰੈਕਟਰ ਟਰਾਲੀ ਨਾਲ ਜਾ ਟਕਰਾਈ ਤੇ ਉਸ ਦੇ ਪਿੱਛੇ ਆ ਰਹੀ ਇਨੋਵਾ ਕਾਰ ਬੱਸ ਦੇ ਪਿੱਛੇ ਜਾ ਟਕਰਾਈ | ਹਾਦਸੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਸ. ਐਸ. ਐਫ. ਦੀ ਟੀਮ ਵਲੋਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ | ਹਾਦਸੇ ਵਿਚ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਗਏ | ਐਸ. ਐਸ. ਐਫ. ਦੀ ਟੀਮ ਵਲੋਂ ਤਿੰਨੋਂ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ | ਹਾਦਸੇ ਸੰਬੰਧੀ ਸੰਬੰਧਤ ਪੁਲਿਸ ਚੌਕੀ ਅਲਾਵਲਪੁਰ ਵਿਖੇ ਸੂਚਿਤ ਕੀਤਾ ਗਿਆ ਹੈ |