ਅੱਪਰਾ/ਫਿਲੌਰ,19 ਦਸੰਬਰ (ਦਲਵਿੰਦਰ ਸਿੰਘ ਅੱਪਰਾ/ਸਤਿੰਦਰ ਸ਼ਰਮਾ)-ਇਲਾਕੇ 'ਚ ਪਸ਼ੂ ਚੋਰ ਗਰੋਹ ਲੰਬੇ ਸਮੇਂ ਤੋਂ ਸਰਗਰਮ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਪਿਛਲੇਰੇ ਸਮੇਂ 'ਚ ਸਰਗਰਮ ਪਸ਼ੂ ਚੋਰ ਗਰੋਹ ਵਲੋਂ ਪਿੰਡ ਮੰਡੀ, ਛੋਕਰਾਂ, ਥਲਾ ਮਸਾਣੀ ਅਤੇ ਭਾਰਸਿੰਘ ਪੁਰ 'ਚ ਪਸ਼ੂ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ | ਬੀਤੀ ਰਾਤ ਪਿੰਡ ਸ਼ੋਅਲੇ ਤਹਿਸੀਲ ਤੇ ਥਾਣਾ ਫਿਲੌਰ ਤੋਂ ਇੱਕ ਕਿਸਾਨ ਦੀਆਂ 2 ਦੁਧਾਰੂ ਮੱਝਾਂ ਚੋਰੀ ਹੋਣ ਦੀ ਖ਼ਬਰ ਹੈ | ਪਿੰਡ ਸ਼ੋਅਲੇ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਸ਼ੋਅਲੇ ਨੇ ਚੋਰੀ ਦੀ ਘਟਨਾ ਵਾਰੇ ਵੇਰਵੇ ਦਿੰਦਿਆਂ ਦੱਸਿਆ ਕਿ ਬੀਤੀ ਸਵੇਰ ਉਹ ਧਾਰਾਂ ਚੋਣ ਲਈ ਹਵੇਲੀ ਪਹੁੰਚਿਆ ਤਾਂ ਉਸਦੀਆਂ ਦੋ ਮੱਝਾਂ ਚੋਰੀ ਹੋ ਚੁੱਕੀਆਂ ਸਨ | ਉਸਨੇ ਆਸ-ਪਾਸ ਦੇ ਇਲਾਕੇ 'ਚ ਮੱਝਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਅਸਫਲ ਰਿਹਾ | ਤਰਸੇਮ ਸਿੰਘ ਨੇ ਦੱਸਿਆ ਕਿ ਉਸਦੀਆਂ ਮੱਝਾਂ ਬੋਹਰਾ ਨਸਲ ਦੀਆਂ ਸਨ | ਜਿਹਨਾਂ ਦੀ ਕੀਮਤ ਕਰੀਬ 3 ਲੱਖ ਰੁਪਏ ਸੀ | ਉਹਨਾਂ ਇਹ ਵੀ ਦੱਸਿਆ ਕਿ ਸ਼ਾਤਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਾਲਤੂ ਕੁਤਿਆਂ ਨੂੰ ਵੀ ਬੇਹੋਸ਼ ਕਰ ਦਿੱਤਾ | ਤਰਸੇਮ ਸਿੰਘ ਨੇ ਦੱਸਿਆ ਕਿ ਮੱਝਾਂ ਦੀ ਚੋਰੀ ਦੀ ਇਤਲਾਹ ਫਿਲੌਰ ਥਾਣੇ ਵਿਖੇ ਕਰ ਦਿੱਤੀ ਗਈ ਹੈ |