ਜਲੰਧਰ, 19 ਦਸੰਬਰ (ਪਵਨ ਖਰਬੰਦਾ)-ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ 'ਚ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸਰਦਾਰ ਵੀਰ ਸਿੰਘ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਧਾਰਮਿਕ ਰੰਗਤ ਨਾਲ ਮਨਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ ਗੁਰਦੁਆਰਾ ਸਾਹਿਬ 'ਚ 16 ਦਸੰਬਰ 2025 ਨੂੰ ਅਖੰਡ ਪਾਠ ਪ੍ਰਾਰੰਭ ਕਰਵਾਏ ਗਏ | 18 ਦਸੰਬਰ 2025 ਨੂੰ ਅਖੰਡ ਪਾਠ ਦੇ ਭੋਗ ਉਪਰੰਤ ਵਿਦਿਆਰਥਣਾਂ ਨੇ ਰਸ ਭਿੰਨਾ ਕੀਰਤਨ ਕੀਤਾ | ਸਕੂਲ ਦੀ ਚੜ੍ਹਦੀ ਕਲਾ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ | ਹੁਕਮਨਾਮੇ ਉਪਰੰਤ ਪਿ੍ੰਸੀਪਲ ਸਰਦਾਰ ਤੇਗਾ ਸਿੰਘ ਸੰਧੂ ਨੇ ਸਾਲਾਨਾ ਰਿਪੋਰਟ ਪੜ੍ਹੀ | ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਦੇ ਮੈਨੇਜਰ ਸਰਦਾਰ ਜਸਜੀਤ ਸਿੰਘ ਰਾਏ, ਸਕੱਤਰ ਜੋਗਿੰਦਰ ਸਿੰਘ ਸੰਘਾ, ਸੀਨੀਅਰ ਮੈਂਬਰ ਹਰਸੁਖਵੰਤ ਸਿੰਘ ਸ਼ੇਰਗਿੱਲ, ਮੈਂਬਰ ਮਨਜੀਤ ਸਿੰਘ ਹਾਜ਼ਰ ਸਨ, ਜਿਨ੍ਹਾਂ ਨੇ ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਸਰਦਾਰ ਜਸਜੀਤ ਸਿੰਘ ਰਾਏ ਨੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ 'ਤੇ ਸਭ ਨੂੰ ਵਧਾਈ ਦਿੱਤੀ ਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦੱਸਦੇ ਹੋਏ ਸਕੂਲ ਦੇ ਸਮੂਹ ਅਮਲੇ ਨੂੰ ਪ੍ਰੇਰਨਾ ਕੀਤੀ ਕਿ ਸਕੂਲ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ | ਸਰਦਾਰ ਜਸਜੀਤ ਸਿੰਘ ਰਾਏ ਨੇ ਸੀਨੀਅਰ ਮੈਂਬਰ ਸਰਦਾਰ ਹਰਸੁਖਵੰਤ ਸਿੰਘ ਸ਼ੇਰਗਿਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਦੁਆਬਾ ਖ਼ਾਲਸਾ ਗਰੁੱਪ ਆਫ ਸਕੂਲ ਦੇ ਤਿੰਨਾਂ ਸਕੂਲਾਂ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਤਿੰਨਾਂ ਵਿਦਿਆਰਥੀਆਂ ਨੂੰ ਨਕਦ ਵਜ਼ੀਫਾ ਦਿੱਤਾ | ਕਮੇਟੀ ਮੈਂਬਰ ਸਰਦਾਰ ਦਵਿੰਦਰ ਸਿੰਘ ਨੇ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਮਾ ਭੇਜੀਆਂ | ਪਿ੍ੰਸੀਪਲ ਸ.ਤੇਗਾ ਸਿੰਘ ਸੰਧੂ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਸੁਮਨ ਸਲਵਾਨ ਨੇ ਸਭ ਦਾ ਧੰਨਵਾਦ ਕੀਤਾ |