ਮਲਸੀਆਂ, 21 ਦਸੰਬਰ (ਦਲਜੀਤ ਸਿੰਘ ਸਚਦੇਵਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਮਗਨਰੇਗਾ ਸਕੀਮ ਦਾ ਨਾਂਅ ਬਦਲ ਕੇ 'ਵੀਬੀ-ਜੀ ਰਾਮ ਜੀ' ਕਰਨ ਅਤੇ ਇਸ 'ਚ ਮਜ਼ਦੂਰ ਵਿਰੋਧੀ ਤਬਦੀਲੀਆਂ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੇ ਪ੍ਰਧਾਨ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਮਲਸੀਆਂ ਦੇ ਕਾਂਗਣਾ ਰੋਡ ਵਿਖੇ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸੰਬੋਧਨ ਕਰਦਿਆਂ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਮਗਨਰੇਗਾ ਸਕੀਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਸੀ, ਜਿਸ ਨੇ ਦੇਸ਼ ਦੇ ਸਭ ਤੋਂ ਪੱਛੜੇ ਵਰਗ ਨੂੰ ਕੰਮ ਦਾ ਕਾਨੂੰਨੀ ਅਧਿਕਾਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂਅ ਇਸ ਸਕੀਮ ਤੋਂ ਹਟਾ ਕੇ ਨਾ ਸਿਰਫ਼ ਉਨ੍ਹਾਂ ਦਾ ਅਪਮਾਨ ਕੀਤਾ ਹੈ, ਸਗੋਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਤਿਹਾਸ ਵਿਚੋਂ ਕਾਂਗਰਸ ਤੇ ਮਹਾਨ ਰਹਿਬਰਾਂ ਦੇ ਨਾਂਅ ਮਿਟਾਉਣ ਦੀ ਘਿਨਾਉਣੀ ਰਾਜਨੀਤੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਾਂਅ ਬਦਲਣਾ ਤਾਂ ਮਹਿਜ਼ ਇਕ ਪਰਦਾ ਹੈ, ਅਸਲ 'ਚ ਸਰਕਾਰ ਇਸ ਨਵੇਂ ਬਿੱਲ ਰਾਹੀਂ ਮਗਨਰੇਗਾ ਨੂੰ ਖ਼ਤਮ ਦੇ ਰਾਹ ਤੁਰ ਪਈ ਹੈ | ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਨਵੀਂ ਸਕੀਮ ਨੂੰ ਪੰਜਾਬ ਅਤੇ ਹੋਰ ਸੂਬਿਆਂ ਲਈ ਘਾਤਕ ਕਰਾਰ ਦਿੱਤਾ | ਡਾ. ਦਾਹੀਆ ਨੇ ਦੱਸਿਆ ਕਿ ਨਵੇਂ ਬਿੱਲ ਰਾਹੀਂ ਪੰਚਾਇਤਾਂ ਦੀ ਤਾਕਤ ਨੂੰ ਪੁਰੀ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ | ਇਸ ਮੌਕੇ ਬਲਾਕ ਪ੍ਰਧਾਨ ਤੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ., ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਦਲਜੀਤ ਸਿੰਘ ਗੱਟੀ ਰਾਏਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ, ਬਲਵਿੰਦਰ ਸਿੰਘ ਬਿੰਦੂ, ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ, ਹਰਭਜਨ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਕੰਗ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ, ਬੰਟੀ ਬੱਠਲਾ, ਗੁਰਿੰਦਰ ਸਿੰਘ ਬਹੁਗੁਣ, ਅਰਵਿੰਦ ਕੁਮਾਰ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਸ਼ੇਰੋਵਾਲੀਆ ਦੀ ਅਗਵਾਈ 'ਚ ਕਾਂਗਰਸੀਆਂ ਨੇ 'ਵੀਬੀ-ਜੀ ਰਾਮ ਜੀ' ਬਿੱਲ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕਿਆ
ਅਜੀਤ ਡੈਸਕ
22-12-2025