ਸ਼ਾਹਕੋਟ, 21 ਦਸੰਬਰ (ਸੁਖਦੀਪ ਸਿੰਘ)-ਨਰੇਗਾ ਕਰਮਚਾਰੀ ਯੂਨੀਅਨ ਬਲਾਕ ਸ਼ਾਹਕੋਟ ਦੇ ਪ੍ਰਧਾਨ ਪਿਆਰਾ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਹ ਸਾਲ-2007 ਤੋਂ ਲਗਾਤਾਰ ਨਰੇਗਾ ਅਧੀਨ ਕੰਮ ਕਰ ਰਹੇ ਹਨ | ਪਿੰਡਾਂ 'ਚ ਜਿੱਥੇ ਨਰੇਗਾ ਮਜ਼ਦੂਰਾਂ ਨੂੰ ਕੰਮ ਦੇ ਕੇ ਉਨ੍ਹਾਂ ਦੀ ਆਰਥਿਕ ਹਾਲਤ 'ਚ ਸੁਧਾਰ ਆਇਆ, ਉਥੇ ਪਿੰਡਾਂ ਵਿਚ ਵੀ ਵੱਡੇ ਪੱਧਰ 'ਤੇ ਵਿਕਾਸ ਹੋਇਆ ਹੈ | ਪਿੰਡਾਂ ਵਿਚ ਛੱਪੜਾਂ ਦਾ ਨਵੀਨੀਕਰਨ, ਖੇਡ ਮੈਦਾਨਾਂ ਦੀ ਉਸਾਰੀ, ਪਾਰਕਾਂ ਦੀ ਉਸਾਰੀ, ਆਂਗਣਵਾੜੀ ਸੈਂਟਰਾਂ ਦੀ ਉਸਾਰੀ, ਰਾਜੀਵ ਗਾਂਧੀ ਹਾਲ ਦੀ ਉਸਾਰੀ, ਦਰਿਆਵਾਂ ਦੇ ਬੰਨ੍ਹਾਂ 'ਤੇ ਪੱਥਰਾਂ ਦੇ ਸਟੱਡ ਲਗਾਉਣ ਦਾ ਕੰਮ, ਗਲੀਆਂ 'ਚ ਇੰਟਰਲਾਕ ਲਗਾਉਣ, ਕੂੜੇ ਦੀ ਸੰਭਾਲ ਲਈ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ, ਨਹਿਰਾਂ-ਕੱਸੀਆਂ ਦੀ ਸਫ਼ਾਈ, ਨਵੇਂ ਖਾਲੇ ਬਣਾਉਣ ਦਾ ਕੰਮ, ਕਿਸਾਨਾਂ ਲਈ ਕੈਟਲ ਸ਼ੈੱਡ, ਬਾਗ਼ਬਾਨੀ ਅਤੇ ਗ਼ਰੀਬਾਂ ਲਈ ਕੰਮ ਨਰੇਗਾ ਅਧੀਨ ਹੀ ਹੋਏ ਹਨ | ਸਰਕਾਰ ਦੇ ਇਨ੍ਹਾਂ ਕੰਮਾਂ ਨੂੰ ਨਰੇਗਾ ਕਰਮਚਾਰੀਆਂ ਵਲੋਂ ਦਿਨ-ਰਾਤ ਦੀ ਮਿਹਨਤ ਨਾਲ ਨਿਗੂਣੀਆਂ ਤਨਖ਼ਾਹਾਂ 'ਤੇ ਕੀਤਾ ਗਿਆ ਹੈ | ਇਸ ਦੇ ਇਲਾਵਾ ਕਰਮਚਾਰੀਆਂ ਵਲੋਂ ਨਰੇਗਾ ਦੇ ਨਾਲ-ਨਾਲ ਹੜ੍ਹ-ਰੋਕੂ, ਚੋਣਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੀਆਂ ਡਿਊਟੀਆਂ ਵੀ ਕੀਤੀਆਂ ਗਈਆਂ ਹਨ | ਸਰਕਾਰ ਵਲੋਂ ਕਰਵਾਏ ਕਈ ਸਰਵੇ, ਜੋ ਸੰਬੰਧਿਤ ਵਿਭਾਗਾਂ ਵਲੋਂ ਨਾਂਹ ਕਰ ਦਿੱਤੀ ਗਈ, ਨਰੇਗਾ ਕਰਮਚਾਰੀਆਂ ਵਲੋਂ ਬਿਨਾਂ ਕਿਸੇ ਮਿਹਨਤਾਨੇ ਦੇ ਕੀਤੇ ਗਏ | ਇਸ ਦੇ ਵਿਰੋਧ 'ਚ ਅਤੇ ਨਰੇਗਾ ਕਰਮਚਾਰੀਆਂ ਨੂੰ ਪੰਚਾਇਤ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜਲੰਧਰ ਦੀ ਨਰੇਗਾ ਕਰਮਚਾਰੀ ਯੂਨੀਅਨ ਵਲੋਂ ਇਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 23 ਦਸੰਬਰ ਨੂੰ ਕੀਤੀ ਜਾ ਰਹੀ ਹੈ, ਜਿਸ ਵਿਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ |