ਜਲੰਧਰ, 27 ਦਸੰਬਰ (ਸ਼ਿਵ)-ਉੱਤਰੀ ਹਲਕੇ ਦੇ ਵਾਰਡ ਨੰਬਰ 1 ਦੀ ਨਿਊ ਇੰਦਰਾ ਕਾਲੋਨੀ 'ਚ ਕਈ ਮਹੀਨੇ ਤੋਂ ਗੰਦਾ ਪਾਣੀ ਭਰਿਆ ਹੋਣ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕਾ ਨਿਵਾਸੀ ਸੰਤੋਸ਼ ਬਿਲਾਨੀ ਨੇ ਦੱਸਿਆ ਹੈ ਕਿ ਪਿਛਲੇ 6 ਮਹੀਨੇ ਤੋਂ ਨਿਊ ਇੰਦਰਾ ਕਾਲੋਨੀ ਦੀਆਂ ਗਲੀਆਂ 'ਚ ਸੀਵਰੇਜ ਦਾ ਪਾਣੀ ਚੱਲਦਾ ਹੈ | ਇਹ ਪਛੜਾ ਇਲਾਕਾ ਹੈ ਤੇ ਸਿਆਸੀ ਆਗੂ ਸਿਰਫ਼ ਵੋਟਾਂ ਵਾਲੇ ਸਮੇਂ 'ਚ ਨਜ਼ਰ ਆਉਂਦੇ ਹਨ ਤਾਂ ਬਾਅਦ 'ਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ 'ਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ | ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਕਈ ਵਾਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਮੰਗ ਪੱਤਰ ਦਿੰਦੇ ਹਨ ਪਰ ਇਸ ਵਿਚ ਕੋਈ ਸੁਧਾਰ ਨਹੀਂ ਹੋ ਸਕਿਆ ਹੈ | ਉਨ੍ਹਾਂ ਨੇ ਮੇਅਰ ਵਨੀਤ ਧੀਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਇਲਾਕੇ ਦੀ ਸੀਵਰੇਜ ਸਮੱਸਿਆ ਨੂੰ ਹੱਲ ਕਰਵਾਉਣ ਕੇ ਲੋਕਾਂ ਨੂੰ ਨਰਕ ਵਰਗੇ ਹਾਲਾਤਾਂ ਤੋਂ ਬਾਹਰ ਕੱਢਿਆ ਜਾਵੇ | ਇਸ ਮੌਕੇ ਫ਼ੁਲ ਰਾਮ, ਬੁੱਧੀ ਰਾਮ, ਰਾਜੂ, ਹੀਰਾ, ਸੋਨੂੰ, ਫੁੱਲਾ ਦੇਵੀ, ਰੇਸ਼ਮ ਦੇਵੀ, ਰਾਜੂ ਦੇਵੀ, ਕ੍ਰਿਸ਼ਨਾ ਗੀਤਾ ਤੇ ਹੋਰ ਵੀ ਹਾਜਰ ਸਨ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸੀਵਰੇਜ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਮੰਗਲਵਾਰ ਨੂੰ ਨਿਗਮ ਦਫਤਰ ਵਿਚ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ |