ਨਕੋਦਰ, 27 ਦਸੰਬਰ (ਤਿਲਕ ਰਾਜ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਦਾਦੂਵਾਲ ਜੋ ਹਲਕਾ ਨਕੋਦਰ ਤੋਂ 2 ਵਾਰ ਚੋਣ ਲੜ ਚੁੱਕੇ ਹਨ ਅੱਜ ਉਨ੍ਹਾਂ ਨੇ ਨਕੋਦਰ 'ਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਟੱਕਰ ਟੈਂਟ ਹਾਊਸ 'ਚ ਮੀਟਿੰਗ ਕਰ ਕੇ ਨਕੋਦਰ ਹਲਕੇ 'ਚ ਆਪਣੀ ਰਾਜਨੀਤਿਕ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ | ਇਸ ਮੌਕੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਵਲੋਂ ਲਾਈ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਹਲਕਾ ਨਕੋਦਰ ਦੇ ਨਾਲ-ਨਾਲ ਜ਼ਿਲ੍ਹੇ 'ਚ ਵੀ ਪਾਰਟੀ ਲਈ ਆਪਣੀਆਂ ਸੇਵਾਵਾਂ ਦੇਣਗੇ | ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਵਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਨਵੀਂ ਬਣਾਈ ਪਾਰਟੀ 'ਚ ਜਾਣ 'ਤੇ ਸ. ਦਾਦੂਵਾਲ ਨੇ ਕਿਹਾ ਕਿ ਜਿਸ ਪਾਰਟੀ ਨੇ ਉਨ੍ਹਾਂ ਨੂੰ 2 ਵਾਰ ਐਮ.ਐਲ.ਏ. ਬਣਾਇਆ, ਚੀਫ਼ ਪਾਰਲੀਮੈਂਟਰੀ ਸੈਕਟਰੀ ਤੱਕ ਦਾ ਅਹੁਦਾ ਦੇ ਕੇ ਮਾਣ ਬਖ਼ਸ਼ਿਆ, ਪਾਰਟੀ ਛੱਡ ਕੇ ਜਾਣਾ ਠੀਕ ਨਹੀਂ, ਇਸ ਨਾਲ ਪਾਰਟੀ ਨੂੰ ਢਾਹ ਲੱਗਦੀ ਹੈ | ਪਰ ਇਸ ਢਾਹ ਨੂੰ ਦੂਰ ਕਰਨ ਲਈ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਹਲਕਾ ਨਕੋਦਰ ਨੂੰ ਸੰਭਾਲਾ ਤੇ ਸੇਵਾ ਕਰਾਂ | ਉਨ੍ਹਾਂ ਕਿਹਾ ਕਿ ਹੁਣ ਉਹ ਹਲਕਾ ਨਕੋਦਰ 'ਚ ਪੂਰੀ ਤਰ੍ਹਾਂ ਸਰਗਰਮ ਰਹਿਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਤੇ ਲੋਕਾਂ ਦੇ ਭਾਈਚਾਰੇ ਨਾਲ ਰਹਿ ਕੇ ਪਾਰਟੀ ਦੀ ਸੇਵਾ ਕਰਨਗੇ | ਉਨ੍ਹਾਂ ਕਿਹਾ ਕਿ ਜਲਦੀ ਹੀ ਨਕੋਦਰ ਹਲਕੇ ਲਈ ਪਾਰਟੀ ਹਲਕਾ ਇੰਚਾਰਜ ਲਗਾਏਗੀ | ਇਸ ਤੋਂ ਇਲਾਵਾ ਸ਼੍ਰੋ.ਅ.ਦ. ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਵੇਗੀ | ਇਸ ਮੌਕੇ ਟੱਕਰ ਟੈਂਟ ਹਾਊਸ ਤੇ ਪਾਰਟੀ ਆਗੂਆਂ ਵਲੋਂ ਸ. ਗੁਰਮੀਤ ਸਿੰਘ ਦਾਦੂਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਿੰਦਰਪਾਲ ਸਿੰਘ ਟੱਕਰ, ਗੁਰਦਿਆਲ ਸਿੰਘ ਗੋਹੀਰ, ਰਾਮ ਕੁਮਾਰ ਮੋਂਗੀਆ, ਮਾਸਟਰ ਰਣਜੀਤ ਸਿੰਘ ਟੱਕਰ, ਇਕਬਾਲ ਕਲ੍ਹਾ, ਲਖਵਿੰਦਰ ਸਿੰਘ, ਗਿੰਦਰਪਾਲ ਸਿੰਘ ਤੇ ਪਿ੍ੰਸੀਪਲ ਪ੍ਰੇਮ ਸਾਗਰ ਸ਼ਰਮਾ ਮੌਜੂਦ ਸਨ |